ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ

10/18/2017 12:01:22 PM

ਫਤਿਹਗੜ੍ਹ ਚੂੜੀਆਂ (ਬਿਕਰਮਜੀਤ) - ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਔਰਤ ਦਾ ਪਰਸ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਰੋ ਦੇਵੀ ਪਤਨੀ ਜੋਗਿੰਦਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਵਾਰਡ ਨੰ. 12 ਨੇ ਦੱਸਿਆ ਕਿ ਉਹ ਸਥਾਨਕ ਸਟੇਟ ਬੈਂਕ ਆਫ਼ ਇੰਡੀਆ 'ਚੋਂ ਪੈਸੇ ਕੱਢਵਾ ਕੇ ਆਪਣੀ ਐਕਟਿਵਾ 'ਤੇ ਘਰ ਨੂੰ ਜਾ ਰਹੀ ਸੀ ਤੇ ਜਦੋਂ ਉਹ ਰਸਤੇ ਵਿਚ ਪੈਂਦੀ ਪੁਰਾਣੀ ਸਬ-ਤਹਿਸੀਲ ਨਜ਼ਦੀਕ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ 2 ਨੌਜਵਾਨ ਲੁਟੇਰਿਆਂ ਨੇ ਝਪਟ ਮਾਰ ਕੇ ਉਸਦਾ ਪਰਸ ਖ਼ੋਹ ਲਿਆ। 
ਬੀਰੋ ਦੇਵੀ ਨੇ ਦੱਸਿਆ ਕਿ ਪਰਸ 'ਚ ਬੈਂਕ 'ਚੋਂ ਕੱਢਵਾਈ 25 ਹਜ਼ਾਰ ਦੀ ਨਕਦੀ, ਇਕ ਮੋਬਾਇਲ, ਬੈਂਕ ਦੀ ਕਾਪੀ ਅਤੇ ਸਰਕਾਰੀ ਸਕੂਲ ਦੇ ਜ਼ਰੂਰੀ ਕਾਗਜ਼ਾਤ ਸਨ। ਇਸ ਸਬੰਧੀ ਪੁਲਸ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


Related News