ਪਟਾਕਾ ਵਪਾਰੀਆਂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, 10 ਦੀ ਬਜਾਏ 39 ਅਸਥਾਈ ਲਾਇਸੈਂਸ ਬਹਾਲ

10/18/2017 11:34:25 AM

ਅੰਮ੍ਰਿਤਸਰ (ਨੀਰਜ) - ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਮੁਖੀ ਵੱਲੋਂ ਲਗਾਤਾਰ 2 ਦਿਨ ਦੀ ਮਿਹਨਤ ਕਰਨ ਤੋਂ ਬਾਅਦ ਜਾਰੀ ਕੀਤੇ ਗਏ 10 ਅਸਥਾਈ ਪਟਾਕਿਆਂ ਦੀ ਵਿਕਰੀ ਦੇ ਲਾਇਸੈਂਸਾਂ ਦੇ ਮਾਮਲੇ ਵਿਚ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਟਾਕਾ ਵਪਾਰੀਆਂ ਨੂੰ ਰਾਹਤ ਦਿੰਦੇ ਹੋਏ 10 ਅਸਥਾਈ ਲਾਇਸੈਂਸਾਂ ਵਾਲਾ ਆਦੇਸ਼ ਵਾਪਸ ਲੈ ਲਿਆ ਹੈ ਅਤੇ ਨਵੇਂ ਆਦੇਸ਼ ਤਹਿਤ 39 ਅਸਥਾਈ ਲਾਇਸੈਂਸ ਬਹਾਲ ਕਰ ਦਿੱਤੇ ਹਨ।  ਜਾਣਕਾਰੀ ਅਨੁਸਾਰ ਪਟਾਕਾ ਵਪਾਰੀਆਂ ਨੇ ਬਾਕਾਇਦਾ 28 ਫ਼ੀਸਦੀ ਜੀ. ਐੱਸ. ਟੀ. ਭਰ ਕੇ ਪਟਾਕਾ ਨਿਰਮਾਤਾ ਕੰਪਨੀਆਂ ਵੱਲੋਂ ਵਿਕਰੀ ਲਈ ਪਟਾਕੇ ਖਰੀਦੇ ਸਨ ਅਤੇ ਨਗਰ ਸੁਧਾਰ ਟਰੱਸਟ ਵੱਲੋਂ ਵੀ ਰਣਜੀਤ ਐਵੀਨਿਊ ਤੇ ਨਿਊ ਅੰਮ੍ਰਿਤਸਰ ਵਿਚ ਖੋਖਿਆਂ ਦੀ ਬਾਕਾਇਦਾ ਬੋਲੀ ਲਾਈ ਸੀ। ਇਨ੍ਹਾਂ ਸਭ ਦਸਤਾਵੇਜ਼ਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਵਪਾਰੀਆਂ ਨੇ ਨਿਆਂ ਦੀ ਮੰਗ ਕੀਤੀ ਅਤੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਭਾਰੀ ਨੁਕਸਾਨ ਤੋਂ ਬਚਾਇਆ ਜਾਵੇ, ਜਿਸ ਤੋਂ ਬਾਅਦ ਅਦਾਲਤ ਨੇ ਪਟਾਕਾ ਵਪਾਰੀਆਂ ਨੂੰ ਰਾਹਤ ਦੇ ਦਿੱਤੀ ਅਤੇ ਪੁਰਾਣੇ ਆਦੇਸ਼ ਬਹਾਲ ਕਰ ਦਿੱਤੇ। ਅਦਾਲਤ ਦੇ ਇਸ ਫੈਸਲੇ ਦਾ ਵਪਾਰੀਆਂ ਨੇ ਸਵਾਗਤ ਕੀਤਾ ਹੈ।
ਅੰਮ੍ਰਿਤਸਰ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਕਿਹਾ ਕਿ ਅਦਾਲਤ ਨੇ ਵਪਾਰੀਆਂ ਨਾਲ ਨਿਆਂ ਕੀਤਾ ਹੈ ਅਤੇ ਸਾਰੇ ਵਪਾਰੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਨੇ ਚੋਰੀ ਕਰ ਕੇ ਨਹੀਂ ਸਗੋਂ ਬਾਕਾਇਦਾ ਪਟਾਕਾ ਕੰਪਨੀਆਂ ਨੂੰ ਭਾਰੀ-ਭਰਕਮ ਟੈਕਸ ਦੇ ਕੇ ਰਿਟੇਲ ਵਿਚ ਵਿਕਰੀ ਲਈ ਪਟਾਕੇ ਖਰੀਦੇ ਸਨ ਪਰ ਪ੍ਰਸ਼ਾਸਨ ਨੇ ਅਦਾਲਤੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਿਰਫ 10 ਅਸਥਾਈ ਲਾਇਸੈਂਸ ਜਾਰੀ ਕੀਤੇ, ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਣਾ ਤੈਅ ਸੀ ਪਰ ਸਮਾਂ ਰਹਿੰਦੇ ਅਦਾਲਤ ਨੇ ਵਪਾਰੀਆਂ ਦਾ ਬਚਾਅ ਕਰ ਦਿੱਤਾ।
ਦੂਜੇ ਪਾਸੇ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਹਾਈ ਕੋਰਟ ਵੱਲੋਂ ਜੋ ਆਦੇਸ਼ ਦਿੱਤੇ ਗਏ ਸਨ ਉਸ ਦਾ ਪਾਲਣ ਕੀਤਾ ਗਿਆ ਅਤੇ ਹੁਣ ਵੀ ਜੋ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।


Related News