ਚੰਡੀਗੜ੍ਹ ਤੋਂ ਪਾਰਟੀ ''ਚੋਂ ਪਰਤ ਰਹੇ ਹੁਸ਼ਿਆਰਪੁਰ ਦੇ ਐਡਵੋਕੇਟ ਦੀ ਹਾਦਸੇ ''ਚ ਮੌਤ, ਕਾਰ ਦੇ ਉੱਡੇ ਪਰਖੱਚੇ

12/10/2017 7:34:13 PM

ਹੁਸ਼ਿਆਰਪੁਰ (ਜ.ਬ) : ਚੰਡੀਗੜ੍ਹ ਵਿਖੇ ਸਮਾਗਮ 'ਚ ਹਿੱਸਾ ਲੈਣ ਉਪਰੰਤ ਦੇਰ ਰਾਤ ਹੁਸ਼ਿਆਰਪੁਰ ਵਾਪਸ ਆ ਰਹੇ ਸਮੇਂ ਟੂਟੋਮਜਾਰਾ ਪਿੰਡ ਦੇ ਨਜ਼ਦੀਕ ਤੜਕੇ 2.30 ਵਜੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਹੋਈ ਜ਼ੋਰਦਾਰ ਟੱਕਰ 'ਚ ਕਾਰ ਚਲਾ ਰਹੇ ਹੁਸ਼ਿਆਰਪੁਰ ਦੇ ਐਡਵੋਕੇਟ ਵਿਨੋਦ ਕੁਮਾਰ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਕਾਰ 'ਚ ਬੈਠੇ ਬੇਟਾ ਤੇ ਪਤਨੀ ਗੰਭੀਰ ਜ਼ਖਮੀ ਹੋ ਗਏ। ਆਪਸਾਸ ਦੇ ਲੋਕਾਂ ਨੇ ਤੁਰੰਤ ਐਮਰਜੈਂਸੀ ਵੈਨ ਬੁਲਾ ਕੇ ਮ੍ਰਿਤਕ ਵਿਨੋਦ ਕੁਮਾਰ ਸ਼ਰਮਾ ਪੁੱਤਰ ਜੇ². ਕੇ. ਸ਼ਰਮਾ ਵਾਸੀ ਭਵਾਨੀ ਨਗਰ ਨੂੰ ਸਿਵਲ ਹਸਪਤਾਲ ਸਥਿਤ ਲਾਸ਼ ਘਰ ਪਹੁੰਚਾ ਦਿੱਤਾ। ਉੱਥੇ ਹਾਦਸੇ 'ਚ ਗੰਭੀਰ ਜ਼ਖ਼ਮੀ ਪਤਨੀ ਅੰਜੂ ਸ਼ਰਮਾ ਤੇ ਬੇਟੇ ਹਰਸ਼ ਸ਼ਰਮਾ ਨੂੰ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪਰਿਵਾਰ ਤੇ ਦੋਸਤਾਂ ਦੀਆਂ ਅੱਖਾਂ 'ਚੋਂ ਨਹੀਂ ਰੁੱਕ ਰਹੇ ਸੀ ਹੰਝੂ
ਸਿਵਲ ਹਸਪਤਾਲ 'ਚ ਮ੍ਰਿਤਕ ਐਡਵੋਕੇਟ ਵਿਨੋਦ ਸ਼ਰਮਾ ਦੇ ਦੋਸਤ ਨੇ ਦੱਸਿਆ ਕਿ ਕੱਲ ਸ਼ਾਮ ਹੀ ਵਿਨੋਦ ਮੇਰੀ ਸਵਿਫਟ ਡਿਜ਼ਾਇਰ ਕਾਰ ਲੈ ਕੇ ਪਤਨੀ ਤੇ ਬੇਟੇ ਨਾਲ ਖੁਸ਼ੀ-ਖੁਸ਼ੀ ਚੰਡੀਗੜ੍ਹ ਲਈ ਨਿਕਲਿਆ ਸੀ। ਪਰਿਵਾਰ ਅਨੁਸਾਰ ਸ਼ਨੀਵਾਰ ਰਾਤ ਐਡਵੋਕੇਟ ਵਿਨੋਦ ਸ਼ਰਮਾ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਰਿਟਾਇਰਮੈਂਟ ਪਾਰਟੀ ਸੀ। ਰਾਤ 1 ਵਜੇ ਕਰੀਬ ਰਿਸ਼ਤੇਦਾਰਾਂ ਦੇ ਰੋਕਣ ਦੇ ਬਾਵਜੂਦ ਉਹ ਪਤਨੀ ਤੇ ਬੇਟੇ ਨਾਲ ਹੁਸ਼ਿਆਰਪੁਰ ਵਾਪਸ ਪਰਤਣ ਦੀ ਜ਼ਿੱਦ ਕਰਦੇ ਹੋਏ 1 ਵਜੇ ਦੇ ਕਰੀਬ ਹੁਸ਼ਿਆਰਪੁਰ ਲਈ ਰਵਾਨਾ ਹੋ ਗਏ। ਰਸਤੇ 'ਚ ਟੂਟੋਮਜਾਰਾ ਦੇ ਨਜ਼ਦੀਕ ਹਾਦਸੇ 'ਚ ਐਡਵੋਕੇਟ ਵਿਨੋਦ ਸ਼ਰਮਾ ਦੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚਣ 'ਤੇ ਟਰੱਕ ਹਾਦਸਾ ਸਥਾਨ 'ਤੇ ਨਹੀਂ ਮਿਲਿਆ। ਕਾਰ, ਜਿਸ ਦੇ ਪਰਖਚੇ ਉਡ ਗਏ ਹਨ ਤੋਂ ਸਾਫ਼ ਪਤਾ ਲੱਗਾ ਹੈ ਕਿ ਕਿਸੇ ਟਰੱਕ ਦੀ ਪਿੱਛੇ ਜ਼ੋਰਦਾਰ ਟੱਕਰ ਹੋਈ ਹੈ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


Related News