ਸਾਬਕਾ ਮੁੱਖ ਮੰਤਰੀ ਬਾਦਲ ਦੇ ਕਰੋੜਾਂ ਦੇ ''ਸਰਕਾਰੀ ਘੋੜੇ'' ਪੁਲਸ ਨੇ ਵਾਪਸ ਬੁਲਾਏ, ਆਮ ਤਬੇਲਿਆਂ ''ਚ ਹੋਣਗੇ ਸ਼ਿਫਟ

07/24/2017 2:08:58 PM

ਬਠਿੰਡਾ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੋੜਾਂ ਦੇ ਸਰਕਾਰੀ ਘੋੜੇ ਪੰਜਾਬ ਪੁਲਸ ਵਲੋਂ ਵਾਪਸ ਲੈ ਲਏ ਗਏ ਹਨ। 10 ਸਾਲਾਂ ਤੋਂ ਬਾਦਲ ਦੀ ਲੰਬੀ ਸਥਿਤ ਰਿਹਾਇਸ਼ 'ਚ ਰਹਿਣ ਵਾਲੇ ਸਰਕਾਰੀ ਘੋੜਿਆਂ ਨੂੰ ਪੁਲਸ ਵਿਭਾਗ ਜਲਦੀ ਹੀ ਆਧੁਨਿਕ ਤਬੇਲਿਆਂ 'ਚੋਂ ਕੱਢ ਕੇ ਬਠਿੰਡਾ ਦੇ ਕੰਮ ਚਲਾਊ ਤਬੇਲਿਆਂ 'ਚ ਸ਼ਿਫਟ ਕਰਨ ਵਾਲਾ ਹੈ। ਸਰਕਾਰ ਦੇ ਹੁਕਮਾਂ ਮੁਤਾਬਕ ਪੁਲਸ ਵਿਭਾਗ ਨੇ ਘੋੜਿਆਂ ਲਈ ਸਧਾਰਨ ਪੱਧਰ ਦੇ ਤਬੇਲਿਆਂ ਦਾ ਨਿਰਮਾਣ ਕਰਵਾ ਦਿੱਤਾ ਹੈ। ਪੁਲਸ ਵਿਭਾਗ ਭਾਵੇਂ ਹੀ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਵਾਪਸ ਲਏ ਸਰਕਾਰੀ ਘੋੜਿਆਂ ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੀ ਗੱਲ ਕਰ ਰਿਹਾ ਹੈ ਪਰ ਹਕੀਕਤ 'ਚ ਇਹ ਕਾਰਵਾਈ ਪਿਛਲੀ ਸਰਕਾਰ ਦੀਆਂ ਸਹੂਲਤਾਵਾਂ ਨੂੰ ਵਾਪਸ ਲੈਣ ਦੀ ਲੜੀ ਦਾ ਹੀ ਇਕ ਹਿੱਸਾ ਹੈ।
ਬਾਦਲ ਨੇ ਘੋੜਿਆਂ 'ਤੇ ਲਾਏ ਸੀ ਕਰੋੜਾਂ ਰੁਪਏ
ਜ਼ਿਕਰਯੋਗ ਹੈ ਕਿ ਸਾਲ 2007 'ਚ ਸੂਬੇ 'ਚ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਬਾਅਦ ਬਾਦਲ ਦੀ ਲੰਬੀ ਸਥਿਤ ਰਿਹਾਇਸ਼ ਦੇ ਸਟਡ ਫਾਰਮ 'ਚ ਪੰਜਾਬ ਆਰਮਡ ਬਟਾਲੀਅਨ ਦੇ ਕਰੋੜਾਂ ਦੀ ਕੀਮਤ ਦੇ ਵੱਖ-ਵੱਖ ਨਸਲਾਂ ਦੇ 6 ਸਰਕਾਰੀ ਘੋੜੇ ਲਿਆਂਦੇ ਗਏ ਸਨ। ਕਰੀਬ 10 ਸਾਲਾਂ ਤੱਕ ਇਹ ਘੋੜੇ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਦੀ ਸ਼ਾਨ ਬਣ ਕੇ ਰਹੇ। ਵਧੀਆ ਕਿਸਮਾਂ ਦੇ ਨਸਲੀ ਘੋੜੇ ਰੱਖਣ ਦੇ ਸ਼ੌਕੀਨ ਬਾਦਲ ਪਰਿਵਾਰ ਨੇ ਬਕਾਇਦਾ ਇਨ੍ਹਾਂ ਘੋੜਿਆਂ ਲਈ ਆਧੁਨਿਕ ਤਬੇਲੇ ਬਣਾਉਣ ਦੇ ਨਾਲ-ਨਾਲ ਇਨ੍ਹਾਂ ਦੇ ਖਾਣ-ਪੀਣ ਅਤੇ ਸੇਵਾ ਸੰਭਾਲ ਲਈ ਵਿਸ਼ੇਸ਼ ਸਟਾਫ ਰੱਖਿਆ ਸੀ। 
ਪੁਲਸ ਦਾ ਹੈ ਵੱਖਰਾ ਤਰਕ
ਪੁਲਸ ਉੱਚ ਅਧਿਕਾਰੀਆਂ ਦਾ ਇਸ ਕਾਰਵਾਈ ਨੂੰ ਲੈ ਕੇ ਇਕ ਵੱਖਰਾ ਤਰਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਰਕਾਰੀ ਘੋੜਿਆਂ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਬਠਿੰਡਾ 'ਚ ਕਿਸੇ ਸਟਡ ਫਾਰਮ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਇਨ੍ਹਾਂ ਘੋੜਿਆਂ ਲਈ ਪੁਲਸ ਅਧਿਕਾਰੀਆਂ ਵਲੋਂ ਲਾਲ ਸਿੰਘ ਬਸਤੀ ਦੀ ਖਸਤਾ ਪੁਲਸ ਕੁਆਰਟਰਾਂ ਪਿੱਛੇ ਆਮ ਤਬੇਲੇ ਬਣਾਏ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਵੱਖ-ਵੱਖ ਥਾਣਿਆਂ ਦੇ ਪ੍ਰਭਾਰੀਆਂ ਨੂੰ ਇਨ੍ਹਾਂ ਘੋੜਿਆਂ ਦੀ ਸੇਵਾ-ਸੰਭਾਲ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। 


Related News