ਮੁਗਲ-ਅੰਗ੍ਰੇਜ਼ ਨਹੀਂ ਦਬਾਅ ਸਕੇ ਅਕਾਲੀਆਂ ਨੂੰ, ਇਹ ਕਿਹੜੇ ਬਾਗ ਦੀ ਮੂਲੀ : ਪ੍ਰਕਾਸ਼ ਸਿੰਘ ਬਾਦਲ

12/11/2017 12:18:09 PM

ਲੁਧਿਆਣਾ (ਨਰਿੰਦਰ) — ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵਲੋਂ ਸੁਖਬੀਰ ਸਿੰਘ ਬਾਦਲ-ਬਿਕਰਮ ਸਿੰਘ ਮਜੀਠੀਆ ਸਮੇਤ ਸੈਂਕੜੇ ਅਕਾਲੀ ਆਗੂਆਂ 'ਤੇ ਦਰਜ ਕੀਤੇ ਗਏ ਪੁਲਸ ਕੇਸਾਂ 'ਤੇ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜ਼ੁਲਮ, ਜ਼ਬਰ ਤੇ ਬੇਇਨਸਾਫੀ ਨਾਲ ਸਾਡੇ ਗੁਰੂ ਸਾਹਿਬਾਨ ਲੜਦੇ ਆਏ ਹਨ ਤੇ ਉਨ੍ਹਾਂ ਦੱਸੇ ਰਸਤੇ 'ਤੇ ਚਲਦਿਆਂ ਅਕਾਲੀ ਦਲ ਚਾਹੇ ਜੁਲਮ ਖੁਦ ਦੇ ਨਾਲ ਹੋਵੇ ਜਾਂ ਕਿਸੇ ਹੋਰ ਨਾਲ, ਡੱਟ ਕੇ ਲੜਨਾ ਅਕਾਲੀ ਦਲ ਦੇ ਆਗੂਆਂ ਦਾ ਫਰਜ਼ ਹੈ। ਸਾਨੂੰ ਮੁਗਲ-ਅੰਗ੍ਰੇਜ਼ ਨਹੀਂ ਦਬਾ ਸਕੇ ਤਾਂ ਇਹ ਕਿਹੜੇ ਬਾਗ ਦੀ ਮੂਲੀ ਹਨ।
ਲੁਧਿਆਣਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਭਾਰਤ 'ਚ ਸਰਕਾਰ ਚੋਣਾਂ ਤੋਂ ਬਾਅਦ ਬਣਦੀ ਹੈ ਪਰ ਦੁਖ ਇਸ ਗੱਲ ਦਾ ਹੈ ਕਿ ਨਗਰਪਾਲਿਕਾ ਕਮੇਟੀ 'ਚ ਡਰਾਮਾ ਹੀ ਹੋ ਕੇ ਰਹਿ ਗਿਆ ਹੈ। ਕਦੇ ਸੁਣਦੇ ਸੀ ਕਿ ਬਿਹਾਰ 'ਚ ਨਾਮ ਦੀਆਂ ਹੀ ਚੋਣਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬਿਹਾਰ 'ਚ ਤਾਂ ਅਜਿਹਾ ਨਹੀਂ ਹੁੰਦਾ ਪਰ ਪੰਜਾਬ 'ਚ ਕਾਂਗਰਸ ਸਰਕਾਰ ਉਸੇ ਤਰਜ 'ਤੇ ਚਲ ਰਹੀ ਹੈ। ਕਦੇ ਮੁਆਫੀ ਨਹੀਂ ਮੰਗੀ। ਕਾਂਗਰਸ 'ਚ ਸਿੱਖਾਂ 'ਤੇ ਹੋਏ ਹਮਲਿਆਂ ਦੇ ਲਈ ਮੁਆਫੀ ਮੰਗਣ ਬਾਰੇ ਬਾਦਲ ਨੇ ਕਿਹਾ ਕਿ ਕੁਝ ਅਜਿਹੇ ਜ਼ੁਰਮ ਹੁੰਦੇ ਹਨ ਜੋ ਕਿ ਮੁਆਫੀ ਨਾਲ ਵੀ ਪੂਰੇ ਨਹੀਂ ਹੁੰਦੇ। ਕੁਝ ਲਾਲਚੀ ਹੁੰਦੇ ਹਨ, ਜੋ ਅਹੁਦੇ ਤੇ ਲਾਲਚ ਨੂੰ ਲੈ ਕੇ ਚੁੱਪ ਹੋ ਜਾਂਦੇ ਹਨ। ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਉਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ ।
ਬਾਦਲ ਨੇ ਫਿਰ ਦੁਹਰਾਇਆ ਕਿ ਮੈਂ ਲੋਕਲ ਬਾਡੀ ਇਲੈਕਸ਼ਨ 'ਚ ਪ੍ਰਚਾਰ ਦੇ ਲਈ ਨਹੀਂ ਜਾਵਾਂਗਾ। ਇਹ ਕੋਈ ਚੋਣ ਨਹੀਂ। ਅਜੇ ਨਾਮਜ਼ਦਗੀ ਦੀ ਪਹਿਲੀ ਸਟੇਜ ਹੈ, ਹੁਣ ਅੱਗੇ ਇਨ੍ਹਾਂ ਦੇ ਰਿਟਰਨਿੰਗ ਅਧਿਕਾਰੀ ਜੋ ਮਰਜੀ ਕਰ ਦੇਣ। ਉਨ੍ਹਾਂ ਨੇ ਪਾਰਟੀ ਦੀ ਰਣਨੀਤੀ ਦੇ ਬਾਰੇ 'ਚ ਕਿਹਾ ਕਿ ਸੂਬੇ 'ਚੋਂ ਗੁੰਡਾਗਰਦੀ ਰੋਕਣ ਦੇ ਲਈ ਹਰ ਪਿੰਡ 'ਚ ਦਸ ਵਾਲੰਟੀਅਰਸ ਤਿਆਰ ਕਰਨਗੇ। ਇਹ ਬੇਇਨਸਾਫੀ ਦੇ ਖਿਲਾਫ ਲੜਨਗੇ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਦੀ ਕਦਰ ਹਮੇਸ਼ਾ ਹੋਵੇਗੀ ਤੇ ਹੋਣੀ ਚਾਹੀਦੀ ਹੈ।


Related News