ਬੀ. ਐੱਸ. ਐੱਫ. ਨੇ ਜ਼ਬਤ ਕੀਤੀ 7 ਕਰੋੜ ਦੀ ਹੈਰੋਇਨ, ਫਾਇਰਿੰਗ ਵੇਖ ਫਰਾਰ ਹੋਏ ਪਾਕਿਸਤਾਨੀ ਸਮੱਗਲਰ

08/18/2017 12:31:36 PM

ਅੰਮ੍ਰਿਤਸਰ (ਨੀਰਜ) - ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਬੀ. ਓ. ਪੀ. ਛੰਨਮੂਲਾ 'ਚ ਬੀ. ਐੱਸ. ਐੱਫ. ਨੇ ਪਾਕਿਸਤਾਨੀ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰਦੇ ਹੋਏ 2 ਪੈਕੇਟ ਹੈਰੋਇਨ ਜ਼ਬਤ ਕੀਤੀ, ਜਿਸ ਵਿਚ 1.24 ਕਿਲੋਗ੍ਰਾਮ ਹੈਰੋਇਨ ਪਾਈ ਗਈ ਹੈ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ 'ਚ 7 ਕਰੋੜ ਰੁਪਏ ਮੰਨੀ ਜਾ ਰਹੀ ਹੈ, ਹਾਲਾਂਕਿ ਇਸ ਸਮੇਂ ਫੈਂਸਿੰਗ ਦੇ ਦੋਵਾਂ ਪਾਸੇ ਫਸਲ ਨਹੀਂ ਖੜ੍ਹੀ ਪਰ ਫਿਰ ਵੀ ਪਾਕਿਸਤਾਨੀ ਸਮੱਗਲਰ ਰੀਂਗ ਕੇ ਫੈਂਸਿੰਗ ਕੋਲ ਆ ਕੇ ਹੈਰੋਇਨ ਦੇ ਪੈਕੇਟ ਭਾਰਤੀ ਖੇਤਾਂ ਵਿਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਰਾਤ 2.20 ਵਜੇ ਪਾਕਿਸਤਾਨੀ ਸਮੱਗਲਰਾਂ ਦੀਆਂ ਗਤੀਵਿਧੀਆਂ ਵੇਖ ਕੇ ਜਦੋਂ ਜਵਾਨਾਂ ਨੇ ਸਮੱਗਲਰਾਂ ਨੂੰ ਲਲਕਾਰਿਆ ਤਾਂ ਉਹ ਰੁਕਣ ਦੀ ਬਜਾਏ ਪੈਕੇਟ ਸੁੱਟਣ ਲੱਗੇ, ਜਿਸ ਨੂੰ ਵੇਖਦਿਆਂ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਇਹ ਵੇਖ ਕੇ ਸਮੱਗਲਰ ਫਰਾਰ ਹੋ ਗਏ। ਇਸ ਫਾਇਰਿੰਗ ਦੇ ਬਾਵਜੂਦ ਪਾਕਿਸਤਾਨ ਰੇਂਜਰਸ ਵੱਲੋਂ ਕਿਸੇ ਤਰ੍ਹਾਂ ਦਾ ਰਿਸਪਾਂਸ ਨਹੀਂ ਆਇਆ, ਜੋ ਸਾਬਿਤ ਕਰਦਾ ਹੈ ਕਿ ਪਾਕਿਸਤਾਨ ਰੇਂਜਰਸ ਸ਼ਰੇਆਮ ਸਮੱਗਲਰਾਂ ਦੇ ਮਦਦਗਾਰ ਬਣੇ ਹੋਏ ਹਨ।
ਡੀ. ਆਈ. ਜੀ. ਬੀ. ਐੱਸ. ਐੱਫ. ਅੰਮ੍ਰਿਤਸਰ ਜੇ. ਐੱਸ. ਓਬਰਾਏ ਨੇ ਦੱਸਿਆ ਕਿ ਬਾਰਡਰ 'ਤੇ ਜਵਾਨਾਂ ਦੀ ਤਿੱਖੀ ਨਜ਼ਰ ਹੈ ਅਤੇ ਸੰਵੇਦਨਸ਼ੀਲ ਬੀ. ਓ. ਪੀਜ਼ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਮੀਂਹ ਦੇ ਮੌਸਮ ਵਿਚ ਅਤਿ-ਆਧੁਨਿਕ ਸਮੱਗਰੀਆਂ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ। 


Related News