ਪਾਕਿਸਤਾਨੀ ਬਾਲ ਕੈਦੀ ਦੀ ਨਹੀਂ ਹੋ ਰਹੀ ਸ਼ਨਾਖਤ

12/12/2017 11:10:12 AM

ਫ਼ਰੀਦਕੋਟ (ਹਾਲੀ)-ਪਾਕਿਸਤਾਨ ਦਾ ਗੂੰਗਾ-ਬੋਲ਼ਾ ਬਾਲ ਕੈਦੀ ਇੱਥੋਂ ਦੇ ਬਾਲ ਸੁਧਾਰ ਘਰ 'ਚ ਪਿਛਲੇ ਕੋਈ 7 ਮਹੀਨਿਆਂ ਤੋਂ ਸ਼ਨਾਖ਼ਤ ਨਾ ਹੋਣ ਕਾਰਨ ਆਪਣੀ ਵਤਨ ਵਾਪਸੀ ਦੀ ਉਡੀਕ ਵਿਚ ਹੈ। ਭਾਵੇਂ ਇਸ ਬੱਚੇ ਦੀ ਸ਼ਨਾਖਤ ਲਈ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਟਵੀਟ ਕਰ ਕੇ ਇਸ ਦੀ ਸ਼ਨਾਖਤ ਲਈ ਮਦਦ ਮੰਗੀ ਹੈ। 
ਦੂਜੇ ਪਾਸੇ ਇਸ ਬਾਲ ਕੈਦੀ ਦੇ ਇਲਾਜ ਲਈ ਇੱਥੋਂ ਦਾ ਬਾਬਾ ਫ਼ਰੀਦ ਸੈਂਟਰ ਆਫ਼ ਸਪੈਸ਼ਲ ਚਿਲਡਰਨ ਵੀ ਸਾਹਮਣੇ ਆਇਆ ਹੈ ਅਤੇ ਉਸ ਨੇ ਬੱਚੇ ਦੇ ਮੁਫ਼ਤ ਇਲਾਜ ਦੀ ਪੇਸ਼ਕਸ਼ ਕੀਤੀ ਹੈ। 
ਜਾਣਕਾਰੀ ਅਨੁਸਾਰ 3 ਮਈ ਨੂੰ ਫਿਰੋਜ਼ਪੁਰ ਨਜ਼ਦੀਕ ਹੁਸੈਨੀਵਾਲਾ ਸਰਹੱਦ ਦੇ ਸ਼ਾਨ-ਏ-ਹਿੰਦ ਗੇਟ ਤੋਂ ਬੀ. ਐੱਸ. ਐੱਫ. ਵੱਲੋਂ ਫੜੇ ਗਏ ਇਸ ਨਾਬਾਲਗ ਬੱਚੇ ਵਿਰੁੱਧ ਥਾਣਾ ਸਦਰ, ਫਿਰੋਜ਼ਪੁਰ ਵਿਖੇ ਇੰਡੀਅਨ ਪਾਸਪੋਰਟ ਐਕਟ ਦੇ ਸੈਕਸ਼ਨ 3, 34 ਅਤੇ 20 ਤਹਿਤ ਮਾਮਲਾ ਦਰਜ ਕਰ ਕੇ ਇਸ ਨੂੰ ਫਰੀਦਕੋਟ ਦੇ ਬਾਲ ਸੁਧਾਰ ਘਰ ਅਤੇ ਆਬਜ਼ਰਵੇਸ਼ਨ ਹੋਮ ਵਿਖੇ ਭੇਜਿਆ ਗਿਆ। ਇਸ ਸਬੰਧੀ ਬਾਲ ਨਿਆਂ ਬੋਰਡ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ। 
ਗੂੰਗਾ-ਬੋਲ਼ਾ ਹੋਣ ਕਰ ਕੇ ਇਹ ਬੱਚਾ ਆਪਣੀ ਪਛਾਣ ਦੱਸਣ ਤੋਂ ਅਸਮਰਥ ਹੈ। ਇਸ ਦੀ ਜੇਬ 'ਚੋਂ ਪਾਕਿਸਤਾਨੀ ਕਰੰਸੀ ਦੇ 20 ਰੁਪਏ ਮਿਲਣ ਅਤੇ ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਨੂੰ ਜਾਣ ਦੀ ਕੋਸ਼ਿਸ਼ ਤਹਿਤ ਫੜੇ ਇਸ ਬਾਲ ਕੈਦੀ ਨੂੰ ਪਾਕਿਸਤਾਨ ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ। ਸੁਧਾਰ ਘਰ 'ਚ ਇਸ ਬੱਚੇ ਨੂੰ ਮਿਲਣ ਲਈ ਗਏ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਕਰੀਬ 12 ਸਾਲ ਦੀ ਉਮਰ ਦਾ ਇਹ ਬਾਲ ਕੈਦੀ ਬੋਲਣ ਅਤੇ ਸੁਣਨ ਤੋਂ ਅਸਮਰਥ ਹੈ ਅਤੇ ਇਸ ਵੱਲੋਂ ਆਪਣਾ ਨਾਂ ਅਤੇ ਪਤਾ ਸਪੱਸ਼ਟ ਨਾ ਦੱਸੇ ਜਾਣ ਕਰ ਕੇ ਇਸ ਦੀ ਸ਼ਨਾਖਤ ਨਹੀਂ ਹੋ ਰਹੀ, ਜਿਸ ਕਾਰਨ ਇਸ ਦੇ ਵਾਰਿਸਾਂ ਬਾਰੇ ਪਤਾ ਨਹੀਂ ਚੱਲ ਰਿਹਾ। 
ਉਨ੍ਹਾਂ ਕਿਹਾ ਕਿ ਕਿਸੇ ਤਰੀਕੇ ਨਾਲ ਪੁੱਛਗਿੱਛ ਕਰਨ 'ਤੇ ਇਸ ਵੱਲੋਂ ਆਪਣਾ ਨਾਂ ਹਾਮਿਦ ਹੁਸੈਨ ਦੱਸਿਆ ਗਿਆ ਹੈ ਪਰ ਇਸ ਦੀ ਵੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਬੱਚੇ ਦੀ ਸ਼ਨਾਖਤ ਅਤੇ ਜਲਦ ਰਿਹਾਈ ਲਈ ਪੰਜਾਬ ਸਰਕਾਰ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।


Related News