400 ਫੁੱਟ ਉੱਚੇ ਝੰਡੇ ''ਤੇ ਪਾਕਿਸਤਾਨ ਨੇ ਬਿਠਾਏ ਜਾਸੂਸ

08/17/2017 7:05:58 AM

ਅੰਮ੍ਰਿਤਸਰ  (ਨੀਰਜ) - ਅਟਾਰੀ ਬਾਰਡਰ 'ਤੇ ਭਾਰਤ ਨੇ 360 ਫੁੱਟ ਉੱਚਾ ਤਿਰੰਗਾ ਤਾਂ ਕੀ ਲਾ ਦਿੱਤਾ, ਪਾਕਿਸਤਾਨ ਸਰਕਾਰ ਨੇ ਇਸ ਨੂੰ ਵੀ ਆਪਣੀ ਬਦਨੀਤੀ ਵਿਚ ਸ਼ਾਮਿਲ ਕਰ ਲਿਆ। ਪਾਕਿਸਤਾਨ ਨੇ ਪਰੇਡ ਵਾਲੀ ਥਾਂ 'ਤੇ ਲਾਏ ਗਏ 400 ਫੁੱਟ ਉੱਚੇ ਝੰਡੇ 'ਤੇ ਆਪਣੇ ਜਾਸੂਸ ਬਿਠਾ ਦਿੱਤੇ ਹਨ, ਜੋ ਅਟਾਰੀ ਬਾਰਡਰ ਦੀ ਰਿਟਰੀਟ ਸੈਰਾਮਨੀ ਥਾਂ ਤੋਂ ਲੈ ਕੇ 20 ਕਿਲੋਮੀਟਰ ਤੱਕ ਦੇ ਭਾਰਤੀ ਇਲਾਕੇ 'ਤੇ ਨਜ਼ਰ ਰੱਖ ਸਕਦੇ ਹਨ ਅਤੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਵੇਖ ਸਕਦੇ ਹਨ। ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਤਾਂ ਇਹ ਹੈ ਕਿ ਪਰੇਡ ਵਾਲੀ ਥਾਂ ਤੋਂ ਲੈ ਕੇ ਖਾਸਾ ਤੱਕ ਦਾ ਇਹ ਸਾਰਾ ਇਲਾਕਾ ਫੌਜੀ ਟਿਕਾਣੇ ਹਨ, ਜਿਥੇ ਭਾਰਤੀ ਫੌਜ ਦੀਆਂ ਕਈ ਬਟਾਲੀਅਨਾਂ ਰਹਿੰਦੀਆਂ ਹਨ। ਇਨ੍ਹਾਂ ਹਾਲਾਤ ਵਿਚ 400 ਫੁੱਟ ਉੱਚੇ ਝੰਡੇ 'ਤੇ ਬੈਠੇ ਪਾਕਿਸਤਾਨੀ ਜਾਸੂਸ ਫੌਜ ਦੀਆਂ ਗਤੀਵਿਧੀਆਂ ਨੂੰ ਵੀ ਸੌਖ ਨਾਲ ਵੇਖ ਸਕਦੇ ਹਨ।
ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਆਪਣੇ ਇਸ 400 ਫੁੱਟ ਉੱਚੇ ਝੰਡੇ ਦਾ ਨਿਰਮਾਣ ਕਰਵਾਇਆ ਹੈ ਅਤੇ ਇਸ ਵਿਚੋਂ 3 ਆਦਮੀ ਝੰਡੇ ਦੇ ਸਿਰੇ 'ਤੇ ਵੀ ਆਸਾਨੀ ਨਾਲ ਪਹੁੰਚ ਅਤੇ ਬੈਠ ਸਕਦੇ ਹਨ। ਹੋ ਸਕਦਾ ਹੈ ਕਿ ਇਸ ਝੰਡੇ ਦੇ ਪੋਲ ਵਿਚ ਕੋਈ ਲਿਫਟ ਲਾਈ ਗਈ ਹੋਵੇ। ਇੰਨਾ ਹੀ ਨਹੀਂ, ਪਾਕਿਸਤਾਨ ਵੱਲੋਂ ਝੰਡੇ 'ਤੇ ਹਾਈ ਪੋਟੈਂਸ਼ੀਅਲ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ, ਜੋ ਹੋਰ ਵੀ ਖਤਰਨਾਕ ਹਨ। ਇਸ ਦੇ ਮੁਕਾਬਲੇ ਭਾਰਤੀ ਤਿਰੰਗੇ ਦੇ ਸਿਰੇ 'ਤੇ ਨਾ ਤਾਂ ਕੋਈ ਬੈਠ ਸਕਦਾ ਹੈ ਤੇ ਨਾ ਹੀ ਇਸ ਦੇ ਪੋਲ ਵਿਚ ਕਿਸੇ ਤਰ੍ਹਾਂ ਦੀ ਲਿਫਟ ਲਾਈ ਗਈ ਹੈ। ਤਿਰੰਗਾ ਲਾਇਆ ਵੀ ਗਿਆ ਹੈ ਤਾਂ ਉਹ ਪਰੇਡ ਵਾਲੀ ਥਾਂ ਤੋਂ 200 ਮੀਟਰ ਦੀ ਦੂਰੀ 'ਤੇ ਲਾਇਆ ਗਿਆ ਹੈ, ਜਦੋਂ ਕਿ ਪਾਕਿਸਤਾਨੀ ਝੰਡਾ ਬਿਲਕੁਲ ਹੀ ਪਾਕਿਸਤਾਨੀ ਪਰੇਡ ਵਾਲੀ ਥਾਂ 'ਤੇ ਲਾਇਆ ਗਿਆ ਹੈ। ਪਾਕਿਸਤਾਨੀ ਝੰਡੇ ਦੀ ਹਾਲਤ ਅਜਿਹੀ ਹੈ ਕਿ ਭਾਰਤੀ ਖੇਮੇ ਵਿਚ ਪਰੇਡ ਵਾਲੀ ਥਾਂ 'ਤੇ ਆਉਣ ਵਾਲੇ ਦਰਸ਼ਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਪਾਕਿਸਤਾਨ ਵਿਚ ਆ ਗਏ ਹਨ। ਫਿਲਹਾਲ ਪਾਕਿਸਤਾਨ ਦੀ ਇਸ ਹਰਕਤ ਨੇ ਸੁਰੱਖਿਆ ਏਜੰਸੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਬੀ. ਐੱਸ. ਐੱਫ. ਦੇ ਪ੍ਰੋਟੈਸਟ ਨੂੰ ਵੀ ਨਹੀਂ ਮੰਨਿਆ
ਪਾਕਿਸਤਾਨ ਵੱਲੋਂ 400 ਫੁੱਟ ਉੱਚਾ ਝੰਡਾ ਲਾਉਣ ਅਤੇ ਇਸ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਲਾਵਾ ਆਦਮੀ ਬਿਠਾਉਣ ਦਾ ਬੀ. ਐੱਸ. ਐੱਫ. ਨੇ ਵੀ ਸਖਤ ਨੋਟਿਸ ਲਿਆ ਹੈ ਅਤੇ ਪਾਕਿਸਤਾਨ ਰੇਂਜਰਸ ਨੂੰ ਪ੍ਰੋਟੈਸਟ ਲੈਟਰ ਵੀ ਦਿੱਤਾ ਹੈ ਪਰ ਇਸ ਦਾ ਪਾਕਿਸਤਾਨ ਰੇਂਜਰਸ 'ਤੇ ਕੋਈ ਅਸਰ ਨਹੀਂ ਪਿਆ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਵੀ ਤਾਂ ਆਪਣੇ ਇਲਾਕੇ ਵਿਚ 360 ਫੁੱਟ ਉੱਚਾ ਤਿਰੰਗਾ ਲਾਇਆ ਹੈ, ਜੋ ਲਾਹੌਰ ਤੋਂ ਵੀ ਨਜ਼ਰ ਆਉਂਦਾ ਹੈ, ਅਜਿਹੇ 'ਚ ਉਹ ਆਪਣੇ ਝੰਡੇ ਵਿਚ ਫੇਰਬਦਲ ਕਿਉਂ ਕਰੇ। ਫਿਲਹਾਲ ਪਾਕਿਸਤਾਨ ਦੀ ਇਸ ਸਾਜਿਸ਼ ਨਾਲ ਜਿਥੇ ਭਾਰਤ ਸਰਕਾਰ ਦੀ ਕਿਰਕਰੀ ਹੋ ਰਹੀ ਹੈ, ਉਥੇ ਹੀ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਕਿਉਂ ਨਾ ਤਿਰੰਗੇ 'ਤੇ ਵੀ ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ ਜਾਣ ਅਤੇ ਲਿਫਟਨੁਮਾ ਮਸ਼ੀਨ ਲਾ ਦਿੱਤੀ ਜਾਵੇ ਤਾਂ ਕਿ ਤਿਰੰਗੇ ਦੇ ਸਿਰੇ 'ਤੇ ਵੀ ਫੌਜੀ ਬਿਠਾਏ ਜਾ ਸਕਣ ਪਰ ਅਜਿਹਾ ਸੰਭਵ ਨਹੀਂ ਹੈ ਕਿਉਂਕਿ ਇਸ ਦੇ ਲਈ ਨਵੇਂ ਸਿਰੇ ਤੋਂ ਪੋਲ ਦਾ ਨਿਰਮਾਣ ਕਰਨਾ ਹੋਵੇਗਾ।  


Related News