ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦਾ ਸਾਰਾ ਟੱਬਰ ਝੋਨੇ ਦੀ ਲੁਆਈ 'ਚ ਹੋਇਆ ਮਸ਼ਰੂਫ

06/24/2017 11:38:43 AM

ਬਾਘਾਪੁਰਾਣਾ(ਚਟਾਨੀ/ਮਨੀਸ਼)— ਭਾਰੀ ਮੀਂਹ ਨਾਲ ਖੇਤਾਂ 'ਚ ਜਮ੍ਹਾ ਹੋਏ ਪਾਣੀ ਨੂੰ ਦੇਖਦਿਆਂ ਹਰੇਕ ਕਿਸਾਨ ਝੋਨੇ ਦੀ ਲੁਆਈ ਦੇ ਕਾਰਜ ਨੂੰ ਨਿਪਟਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਹਰੇਕ ਕਿਸਾਨ ਦੀ ਖੇਤਾਂ ਵੱਲ ਲੱਗੀ ਦੌੜ ਕਾਰਨ ਹੁਣ ਅਵੇਸਲੇ ਖੇਤ ਮਜ਼ਦੂਰਾਂ ਦਾ ਮੁੱਲ ਪੈਣ ਲੱਗਾ ਹੈ, ਜਦਕਿ ਕਿਸਾਨਾਂ ਦੀ ਇਸ ਤੇਜ਼ੀ ਦਾ ਲਾਹਾ ਖੇਤ ਮਜ਼ਦੂਰਾਂ ਦੇ ਘਰਾਂ ਦੀਆਂ ਸੁਆਣੀਆਂ ਵੀ ਮੂੰਹ ਮੰਗੀ ਦਿਹਾੜੀ ਪ੍ਰਾਪਤ ਕਰਕੇ ਉਠਾ ਰਹੀਆਂ ਹਨ। ਉਸਾਰੀ ਦੇ ਕਾਰਜਾਂ ਤੋਂ ਇਲਾਵਾ ਹੋਰਨਾਂ ਕੰਮਾਂ 'ਚ ਲੱਗੇ ਮਜ਼ਦੂਰ ਵੀ ਇਨ੍ਹੀ ਦਿਨੀਂ ਝੋਨੇ ਦੀ ਲੁਆਈ 'ਚ ਜੁਟੇ ਹੋਏ ਹੋਣ ਕਰਕੇ ਰਾਜ ਮਿਸਤਰੀਆਂ ਨੂੰ ਮਜ਼ਦੂਰ ਨਹੀਂ ਲੱਭ ਰਹੇ। ਹਫਤਾ ਪਹਿਲਾਂ ਮਜ਼ਦੂਰਾਂ ਨਾਲ ਖੱਚਾ-ਖੱਚ ਭਰੇ ਲੇਬਰ ਚੌਕਾਂ 'ਚ ਸੁੰਨ ਪਸਰੀ ਦਿਖਾਈ ਦੇ ਰਹੀ ਹੈ। ਉਸਾਰੀ ਕਾਰਜਾਂ ਵਾਲੇ ਮਜ਼ਦੂਰਾਂ ਦੀ ਖੇਤਾਂ ਵੱਲ ਝੋਨੇ ਵਾਸਤੇ ਵਧੀ ਉਤਸੁਕਤਾ ਨੇ ਕੋਠੀਆਂ ਅਤੇ ਘਰਾਂ ਦੇ ਨਿਰਮਾਣ ਨੂੰ ਘੱਟੋ-ਘੱਟ 15 ਦਿਨਾਂ ਲਈ ਬਰੇਕਾਂ ਲਾ ਛੱਡੀਆਂ ਹਨ।
ਮੀਂਹ ਦੇ ਪਾਣੀ ਦੀ ਖੇਤਾਂ 'ਚ ਬਹੁਤਾਤ ਦਾ ਫਾਇਦਾ ਚੁੱਕਣ ਲਈ ਵੱਡੇ ਕਿਸਾਨ ਘਰਾਣਿਆਂ ਦੇ ਉਹ ਕਾਕੇ ਜਿਹੜੇ ਖੇਤਾਂ 'ਚ ਪੈਰ ਤੱਕ ਨਹੀਂ ਸਨ ਪਾਉਂਦੇ, ਉਹ ਵੀ ਆਪਣੇ ਮਾਪਿਆਂ ਦੇ ਸਖਤ ਆਦੇਸ਼ਾਂ ਮੂਹਰੇ ਸਿਰ ਝੁਕਾ ਕੇ ਝੋਨੇ ਦੀ ਲੁਆਈ ਦੇ ਕਾਰਜਾਂ ਨੂੰ ਜਲਦ ਨਿਪਟਾਉਣ 'ਚ ਮਸ਼ਰੂਫ ਹਨ। ਦੋ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਝੋਨੇ ਦੀ ਲੁਆਈ ਦੇ ਉੱਕੇ-ਪੁੱਕੇ ਰੇਟਾਂ 'ਚ ਹੁਣ 200 ਤੋਂ 300 ਰੁਪਏ ਤੱਕ ਦਾ ਵਾਧਾ ਹੋਇਆ ਹੈ ਅਤੇ ਨਵੀਆਂ ਦਰਾਂ ਨੂੰ ਕਿਸਾਨਾਂ ਵੱਲੋਂ ਬੇਝਿਜਕ ਹੋ ਕੇ ਇਸੇ ਲਈ ਹੀ ਪ੍ਰਵਾਨ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਝੋਨੇ ਦੀ ਲੁਆਈ ਦੇ ਕਾਰਜ ਨੂੰ ਨਿਪਟਾ ਕੇ ਸੁਰਖੂਰ ਹੋਣ। 
ਉਧਰ ਖੇਤ ਮਜ਼ਦੂਰਾਂ ਮੋਹਣ ਸਿੰਘ, ਬੂਟਾ ਸਿੰਘ, ਭਿੰਦਰ ਸਿੰਘ, ਨਿੰਮਾ, ਬਿੱਲੂ, ਹਰੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਜ਼ਦੂਰੀ ਦਰ 'ਚ ਇਹ ਵਾਧਾ ਵਕਤੀ ਹੀ ਹੈ, ਜਦਕਿ ਆਮ ਦਿਨਾਂ 'ਚ ਉਨ੍ਹਾਂ ਨੂੰ ਨਿਗੁਣੀ ਮਜ਼ਦੂਰੀ 'ਤੇ ਹੀ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਹਿੰਗਾਈ ਦੇ ਯੁੱਗ 'ਚ ਸਾਰੇ ਟੱਬਰ  ਦੇ ਕੰਮ ਕਰਨ ਨਾਲ ਹੀ ਪਰਿਵਾਰਾਂ ਦਾ ਗੁਜ਼ਾਰਾ ਹੁੰਦਾ ਹੈ। ਖੇਤਾਂ 'ਚ ਝੋਨਾ ਲਾ ਰਹੀਆਂ ਮਜ਼ਦੂਰ ਔਰਤਾਂ ਬਲਜੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਮਨਪ੍ਰੀਤ ਕੌਰ ਨੇ ਕਿਹਾ ਕਿ ਘਰਾਂ ਦੇ ਮਰਦ ਮੁਖੀਆਂ ਦੇ ਆਰਥਿਕ ਬੋਝ ਨੂੰ ਘਟਾਉਣ ਲਈ ਉਹ ਵੀ ਆਪਣੇ ਵੱਲੋਂ ਹੰਭਲਾ ਮਾਰ ਰਹੀਆਂ ਹਨ ਅਤੇ ਝੋਨੇ ਦੀ ਲੁਆਈ ਤੇ ਕਣਕ ਦੀ ਵਢਾਈ ਦੇ ਦਿਨਾਂ 'ਚ ਉਹ ਦਿਨ-ਰਾਤ ਮੁਸ਼ੱਕਤ ਕਰ ਕੇ ਆਪਣੇ ਪਤੀਆਂ ਲਈ ਸਹਾਰਾ ਬਣਦੀਆਂ ਹਨ, ਜਦਕਿ ਬੱਚੇ ਵੀ ਮਿਹਨਤ ਦੇ ਇਸ ਕਾਰਜ 'ਚ ਮੋਹਰੀ ਭੂਮਿਕਾ ਨਿਭਾਉਂਦੇ ਹਨ।


Related News