ਭਾਦਸੋਂ ਦੀਆਂ ਮੰਡੀਆਂ ''ਚ ਝੋਨੇ ਦੀ ਆਮਦ ਸਾਢੇ 3 ਲੱਖ ਕੁਇੰਟਲ ਤੋਂ ਟੱਪੀ

10/18/2017 10:39:01 AM

ਭਾਦਸੋਂ (ਸੇਵਕ)- ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅਨਾਜ ਮੰਡੀ ਭਾਦਸੋਂ ਤੇ ਇਸ ਅਧੀਨ ਆਉਂਦੇ 8 ਖਰੀਦ ਕੇਂਦਰਾਂ ਵਿਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 
ਇਸ ਦੌਰਾਨ ਮਾਰਕੀਟ ਕਮੇਟੀ ਭਾਦਸੋਂ ਦੇ ਸਕੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁੱਖ ਯਾਰਡ ਭਾਦਸੋਂ ਤੇ 8 ਖਰੀਦ ਕੇਂਦਰਾਂ 'ਚ ਹੁਣ ਤੱਕ 3,52, 250 ਕੁਇੰਟਲ ਜੀਰੀ ਦੀ ਕੁੱਲ ਆਮਦ ਹੋਈ ਸੀ, ਜਿਸ ਦੀ ਖਰੀਦ ਉਪਰੰਤ 2,07,350 ਕੁਇੰਟਲ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਖਰੀਦ ਏਜੰਸੀਆਂ 11 ਅਕਤੂਬਰ ਤੱਕ ਹੋਈ ਖਰੀਦ ਦੀ ਅਦਾਇਗੀ ਵੀ ਕਿਸਾਨਾਂ ਨੂੰ ਕਰ ਚੁੱਕੀਆਂ ਹਨ। ਮੰਤਰੀ ਧਰਮਸੌਤ ਨੇ ਖਰੀਦ ਏਜੰਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਖਰੀਦ ਤੇ ਪੇਮੈਂਟ ਵਿਚ ਹੋਰ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਇਸ ਮੌਕੇ ਚੁੰਨੀ ਲਾਲ ਸੂਬਾ ਸਕੱਤਰ, ਪ੍ਰਗਟ ਸਿੰਘ ਭੜੀ, ਭਗਵੰਤ ਸਿੰਘ ਮਣਕੂ, ਗੁਰਮੀਤ ਸਿੰਘ ਮਿੱਠੂ ਸੁਧੇਵਾਲ, ਹੰਸ ਰਾਜ ਮਸਤਾਨਾ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।


Related News