ਪੀ. ਐੱਸ. ਯੂ. ਨੇ ਫੂਕਿਆ ਮੋਦੀ ਤੇ ਯੋਗੀ ਦਾ ਪੁਤਲਾ

08/17/2017 12:59:50 AM

ਨਵਾਂਸ਼ਹਿਰ, (ਤ੍ਰਿਪਾਠੀ)- ਪੰਜਾਬ ਸਟੂਡੈਂਟਸ ਯੂਨੀਅਨ ਨੇ ਯੂ. ਪੀ. 'ਚ ਮੁੱਖ ਮੰਤਰੀ ਦੇ ਗ੍ਰਹਿ ਜ਼ਿਲੇ ਦੇ ਇਕ ਹਸਪਤਾਲ 'ਚ 70 ਨਵ-ਜੰਮੇ ਬੱਚਿਆਂ ਦੀ ਹੋਈ ਮੌਤ 'ਤੇ ਭੜਕਦਿਆਂ ਬਾਰਾਂਦਰੀ ਪਾਰਕ ਦੇ ਬਾਹਰ ਮੁੱਖ ਮੰਤਰੀ ਆਦਿੱਤਿਆ ਯੋਗੀ ਨਾਥ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਬਿਕਰਮਜੀਤ ਸਿੰਘ ਤੇ ਆਗੂ ਸੁਖਵੀਰ ਸਿੰਘ ਨੇ ਕਿਹਾ ਕਿ ਯੂ. ਪੀ. ਦੇ ਗੋਰਖਪੁਰ ਵਿਖੇ ਸਰਕਾਰ ਦੀ ਲਾਪ੍ਰਵਾਹੀ ਕਾਰਨ 70 ਬੱਚਿਆਂ ਦੀ ਹੋਈ ਮੌਤ ਦੀ ਘਟਨਾ ਨਿੰਦਣਯੋਗ ਹੈ ਤੇ ਸੂਬਾ ਸਰਕਾਰ 'ਤੇ ਸਵਾਲ ਖੜ੍ਹੇ ਕਰਦੀ ਹੈ। ਇਕ ਪਾਸੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜ ਰੁਪਏ ਮੁਆਫ ਕਰ ਰਹੀ ਹੈ ਤੇ ਦੂਜੇ ਪਾਸੇ ਹਸਪਤਾਲ ਦਾ 70 ਲੱਖ ਰੁਪਏ ਦਾ ਬਿੱਲ 70 ਮਾਸੂਮ ਬੱਚਿਆਂ ਦੇ ਜੀਵਨ ਨੂੰ ਨਿਗਲ ਗਿਆ, ਜੋ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਤੇ ਇਸ ਦੇ ਲਈ ਸੂਬਾ ਸਰਕਾਰ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਚਾਹੇ ਅੱਜ ਦੇਸ਼ ਵਿਚ 71ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਦੇਸ਼ ਵਿਚ ਫਿਰਕਾਪ੍ਰਸਤੀ ਤੇ ਧਰਮੀ ਜਨੂੰਨ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ 'ਚ ਹਰ ਰੋਜ਼ ਬਲਾਤਕਾਰ, ਔਰਤਾਂ ਨਾਲ ਛੇੜਛਾੜ ਤੇ ਕਤਲ ਵਰਗੇ ਅਪਰਾਧ ਹੋ ਰਹੇ ਹਨ। ਇਸ ਮੌਕੇ ਸੁਰਿੰਦਰ ਸਿੰਘ, ਸੋਨੂੰ, ਸਾਹਿਲ, ਕਰਨ ਕੁਮਾਰ ਭੀਣ, ਜਗਜੀਤ ਸਿੰਘ, ਗੁਰਕੀਰਤ ਆਦਿ ਹਾਜ਼ਰ ਸਨ।


Related News