ਟਰੱਕ ਆਪ੍ਰੇਟਰਾਂ ਵੱਲੋਂ ਵਿਰੋਧ, ਬੈਰੰਗ ਪਰਤੇ ਪਾਵਰਕਾਮ ਅਧਿਕਾਰੀ

12/11/2017 7:33:50 AM

ਬਠਿੰਡਾ, (ਸੁਖਵਿੰਦਰ)- ਟਰੱਕ ਯੂਨੀਅਨ ਦੀ ਜ਼ਮੀਨ ਐਕੁਆਇਰ ਕਰਨ ਲਈ ਆਏ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਟਰੱਕ ਆਪ੍ਰੇਟਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਪਾਵਰਕਾਮ ਤੇ ਅਧਿਕਾਰੀਆਂ ਨੂੰ ਕੰਮ ਵਿਚਕਾਰ ਛੱਡ ਕੇ ਹੀ ਬੈਰੰਗ ਪਰਤਣਾ ਪਿਆ। ਟਰੱਕ ਆਪ੍ਰੇਟਰਾਂ ਵੱਲੋਂ ਪਾਵਰਕਾਮ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। 
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਰਕਾਰ ਵੱਲੋਂ ਸ਼ਹਿਰ ਵਿਚ ਬਣੀਆਂ ਟਰੱਕ ਯੂਨੀਅਨਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਕੇ ਉਕਤ ਜ਼ਮੀਨ ਬਿਜਲੀ ਬੋਰਡ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਸ਼ਹਿਰ ਵਿਚਕਾਰ ਬਣੀ ਬਠਿੰਡਾ ਦੀ ਟਰੱਕ ਯੂਨੀਅਨ ਦੀ ਕੁਝ ਜ਼ਮੀਨ ਵੀ ਗਰਿੱਡ ਬਣਾਉਣ ਲਈ ਪਾਵਰਕਾਮ ਨੂੰ ਦਿੱਤੀ ਗਈ ਸੀ। ਐਤਵਾਰ ਨੂੰ ਸਵੇਰੇ ਬਿਜਲੀ ਬੋਰਡ ਦੇ ਕੁਝ ਉੱਚ ਅਧਿਕਾਰੀ ਟਰੱਕ ਯੂਨੀਅਨ ਦੀ ਉਕਤ ਜ਼ਮੀਨ ਐਕੁਆਇਰ ਕਰਨ ਲਈ ਪੁੱਜੇ ਸਨ। ਜ਼ਮੀਨ 'ਤੇ ਨਿਸ਼ਾਨਦੇਹੀ ਹੁੰਦੀ ਵੇਖ ਟਰੱਕ ਆਪ੍ਰੇਟਰ ਭੜਕ ਗਏ ਅਤੇ ਉਨ੍ਹਾਂ ਵੱਲੋਂ ਉਕਤ ਜ਼ਮੀਨ ਦੇ ਐਕੁਆਇਰ ਕਰਨ ਦਾ ਵਿਰੋਧ ਜਤਾਇਆ ਗਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਇਕੱਠੇ ਹੋਏ ਆਪ੍ਰੇਟਰਾਂ ਵੱਲੋਂ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਰੋਸ ਜਤਾਇਆ ਕਿ ਟਰੱਕ ਯੂਨੀਅਨ ਕੋਲ ਪਹਿਲਾਂ ਹੀ ਬਹੁਤ ਘੱਟ ਜ਼ਮੀਨ ਹੈ, ਜੇਕਰ ਉਕਤ ਜ਼ਮੀਨ 'ਚੋਂ ਕੁਝ ਜ਼ਮੀਨ ਬਿਜਲੀ ਬੋਰਡ ਨੂੰ ਦਿੱਤੀ ਜਾਂਦੀ ਹੈ ਤਾਂ ਟਰੱਕ ਆਪ੍ਰੇਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਵਿੱਤ ਮੰਤਰੀ ਨੂੰ ਮਿਲਿਆ ਵਫ਼ਦ 
ਪਾਵਰਕਾਮ ਦੀ ਉਕਤ ਕਾਰਵਾਈ ਤੋਂ ਬਾਅਦ ਟਰੱਕ ਯੂਨੀਅਨ ਦੇ ਅਹੁਦੇਦਾਰ ਬਾਬੂ ਸਿੰਘ ਦੀ ਅਗਵਾਈ ਹੇਠ ਟਰੱਕ ਆਪ੍ਰੇਟਰਾਂ ਦਾ ਇਕ ਵਫ਼ਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਿਆ। ਉਕਤ ਵਫਦ ਵੱਲੋਂ ਜ਼ਮੀਨ ਐਕੁਆਇਰ ਕਰਨ ਸਬੰਧੀ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਉਕਤ ਜ਼ਮੀਨ ਸਿਰਫ਼ ਟਰੱਕ ਯੂਨੀਅਨ ਨੂੰ ਹੀ ਸੌਂਪੀ ਜਾਵੇ। ਇਸ ਮੌਕੇ ਸ਼੍ਰੀ ਬਾਦਲ ਨੇ ਭਰੋਸਾ ਦਿਵਾਇਆ ਕਿ ਉਕਤ ਮਸਲੇ ਦਾ ਹੱਲ ਕੀਤਾ ਜਾਵੇਗਾ।


Related News