ਸਿਰਫ 3 ਗੱਡੀਆਂ ਸਹਾਰੇ ਫਾਇਰ ਬ੍ਰਿਗੇਡ ਕਿੰਝ ਕਰੇਗਾ ਹਿਫਾਜ਼ਤ?

09/22/2017 6:19:54 AM

ਨਵਾਂਸ਼ਹਿਰ, (ਤ੍ਰਿਪਾਠੀ)- ਦੀਵਾਲੀ ਦੇ ਸੀਜ਼ਨ ਵਿਚ ਆਮ ਤੌਰ 'ਤੇ ਪਟਾਕਿਆਂ ਦੇ ਗੋਦਾਮਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਜਿਥੇ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ, ਉਥੇ ਹੀ ਇਸ ਤਰ੍ਹਾਂ ਦੇ ਹਾਦਸਿਆਂ 'ਚ ਜਾਨੀ ਨੁਕਸਾਨ ਦੇ ਸਮਾਚਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ।  ਇਸੇ ਤਰ੍ਹਾਂ ਦਾ ਹਾਦਸਾ ਬੀਤੇ ਦਿਨ ਸੰਗਰੂਰ ਵਿਚ ਦੇਖਣ ਨੂੰ ਮਿਲਿਆ। ਦੀਵਾਲੀ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਨਜਿੱਠਣ ਲਈ ਸ਼ਹਿਰ ਦਾ ਫਾਇਰ ਬਿਗ੍ਰੇਡ ਵਿਭਾਗ ਕਿੰਨਾ ਤਿਆਰ ਹੈ, ਇਸ ਸੰਬੰਧੀ ਪੜਤਾਲ ਕੀਤੀ ਗਈ, ਜਿਸ ਵਿਚ ਕਈ ਕਮੀਆਂ ਸਾਹਮਣੇ ਆਈਆਂ। 
4 ਲੱਖ ਤੋਂ ਵੱਧ ਆਬਾਦੀ ਵਾਲੇ ਜ਼ਿਲੇ 'ਚ ਸਿਰਫ 3 ਗੱਡੀਆਂ
ਨਿਯਮਾਂ ਤਹਿਤ 50 ਹਜ਼ਾਰ ਦੀ ਆਬਾਦੀ ਪਿੱਛੇ 1 ਫਾਇਰ ਬ੍ਰਿਗੇਡ ਗੱਡੀ ਦਾ ਹੋਣਾ ਜ਼ਰੂਰੀ ਹੈ ਪਰ ਬੰਗਾ, ਬਲਾਚੌਰ, ਜਾਡਲਾ, ਰਾਹੋਂ, ਮੁਕੰਦਪੁਰ ਅਤੇ ਔੜ ਕਸਬਿਆਂ ਵਾਲੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਫਾਇਰ ਬ੍ਰਿਗੇਡ ਵਿਭਾਗ ਕੋਲ ਮਾਤਰ 3 ਗੱਡੀਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਉਕਤ ਕਿਸੇ ਵੀ ਕਸਬੇ ਵਿਚ ਜੇਕਰ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਲਈ ਨਵਾਂਸ਼ਹਿਰ ਦੇ ਫਾਇਰ ਬ੍ਰਿਗੇਡ ਵਿਭਾਗ ਤੋਂ ਹੀ ਫਾਇਰ ਬ੍ਰਿਗੇਡ ਗੱਡੀਆਂ ਨੂੰ ਬੁਲਾਇਆ ਜਾਂਦਾ ਹੈ। ਨਵਾਂਸ਼ਹਿਰ ਨੂੰ ਛੱਡ ਕੇ ਕਿਸੇ ਹੋਰ ਕਸਬੇ ਵਿਚ ਫਾਇਰ ਬ੍ਰਿਗੇਡ ਗੱਡੀ ਹੋਣਾ ਤਾਂ ਦੂਰ ਦੀ ਗੱਲ, ਪਹਿਲੀ ਗੱਡੀ ਦਾ ਪਾਣੀ ਖਤਮ ਹੋਣ ਉਪਰੰਤ ਹੋਰ ਪਾਣੀ ਭਰਨ ਤੱਕ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਜੇਕਰ ਹੋਰ ਪਾਣੀ ਦੀ ਲੋੜ ਪਏ ਤਾਂ ਨਵਾਂਸ਼ਹਿਰ ਵਾਪਸ ਆਉਣਾ ਹੋਵੇਗਾ।
ਲੋੜ ਤੋਂ ਕਿਤੇ ਘੱਟ ਕੰਮ ਕਰ ਰਹੇ ਹਨ 4 ਡਰਾਈਵਰ ਤੇ 8 ਫਾਇਰਮੈਨ
ਫਾਇਰ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਦੀਆਂ ਤਿੰਨ ਸ਼ਿਫਟਾਂ ਲਈ ਨਿਯਮਾਂ ਤਹਿਤ ਕੁੱਲ 12 ਡਰਾਈਵਰ ਤੇ 42 ਫਾਇਰਮੈਨ ਹੋਣੇ ਚਾਹੀਦੇ ਹਨ ਪਰ ਮੌਜੂਦਾ ਸਮੇਂ 'ਚ ਸਿਰਫ 4 ਡਰਾਈਵਰ ਅਤੇ 8 ਫਾਇਰਮੈਨ ਹੀ ਕੰਮ ਕਰ ਰਹੇ ਹਨ। ਫਾਇਰ ਬ੍ਰਿਗੇਡ ਵਿਭਾਗ ਵਿਚ ਸਟਾਫ਼ ਦੀ ਕਮੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜ਼ਿਲੇ ਦਾ ਫਾਇਰ ਬ੍ਰਿਗੇਡ ਵਿਭਾਗ ਅੱਗ ਲੱਗਣ ਵਰਗੀ ਕਿਸੇ ਘਟਨਾ 'ਤੇ ਕਾਬੂ ਪਾਉਣ ਦੇ ਕਿੰਨਾ ਸਮਰੱਥ ਹੈ।
ਕੀ ਕਹਿੰਦੇ ਹਨ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ 
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਜੇ ਗੋਇਲ ਨੇ ਦੱਸਿਆ ਕਿ ਹਾਲ ਦੀ ਘੜੀ ਕੇਂਦਰ ਸਰਕਾਰ ਦੀ ਡਿਜ਼ਾਸਟਰ ਸਕੀਮ ਤਹਿਤ ਪੰਜਾਬ ਨੂੰ 45 ਕਰੋੜ ਰੁਪਏ ਦੀ ਰਾਸ਼ੀ ਨਾਲ 70 ਨਵੀਆਂ ਫਾਇਰ ਬ੍ਰਿਗੇਡ ਗੱਡੀਆਂ ਮਿਲੀਆਂ ਹਨ, ਜਿਨ੍ਹਾਂ 'ਚੋਂ ਨਵਾਂਸ਼ਹਿਰ ਨੂੰ 1 ਫਾਇਰ ਬ੍ਰਿਗੇਡ ਗੱਡੀ ਉਪਲੱਬਧ ਕਰਵਾਈ ਗਈ। 25 ਫਾਇਰ ਬ੍ਰਿਗੇਡ ਗੱਡੀਆਂ ਦੀ ਹੋਰ ਵੰਡ ਹੋਣੀ ਹੈ, ਜਿਨ੍ਹਾਂ 'ਚੋਂ ਨਵਾਂਸ਼ਹਿਰ ਨੂੰ ਇਕ ਹੋਰ ਗੱਡੀ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਨਗਰ ਕੌਂਸਲ ਤੋਂ ਅਲੱਗ ਕਰ ਕੇ ਨਵਾਂ ਵਿਭਾਗ ਬਣਾਉਣ ਦੀ ਯੋਜਨਾ ਵੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ, ਜਿਸ 'ਤੇ ਅਮਲ ਹੋਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ ਅਲੱਗ ਵਿਭਾਗ ਹੋਣ ਨਾਲ ਇਸ ਨੂੰ ਹੋਰ ਵੀ ਚੁਸਤ-ਦਰੁੱਸਤ ਕਰਨ 'ਚ ਮਦਦ ਮਿਲੇਗੀ।


Related News