ਮਾਮਲਾ ਤੇਲ ਫੈਕਟਰੀ ਵਿਚ ਬਲਾਸਟ ਦਾ ਪੁਲਸ ਨੇ ਕੀਤੀ ਰਜਤ ਦੇ ਕਮਰੇ ਦੀ ਸਰਚ

11/19/2017 4:25:26 AM

ਪਟਿਆਲਾ (ਬਲਜਿੰਦਰ)-ਦੋ ਦਿਨ ਪਹਿਲਾਂ ਪੁਰਾਣੀ ਮਿਰਚ ਮੰਡੀ ਵਿਚ ਤੇਲ ਫੈਕਟਰੀ ਵਿਚ ਹੋਏ ਬਲਾਸਟ ਦੇ ਮਾਮਲੇ ਵਿਚ ਪਟਿਆਲਾ ਪੁਲਸ ਵੱਲੋਂ ਮ੍ਰਿਤਕ ਰਜਤ ਮਿੱਤਲ ਦੇ ਕਮਰੇ ਦੀ ਸਰਚ ਕੀਤੀ ਗਈ। ਇਸ ਦੀ ਪੁਸ਼ਟੀ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਰਜਤ ਦੇ ਕਮਰੇ ਦੀ ਸਰਚ ਕਰ ਲਈ ਗਈ ਹੈ ਅਤੇ ਰਜਤ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ।  ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਦੋ ਥਿਊਰੀਆਂ 'ਤੇ ਕੰਮ ਕੀਤਾ ਜਾ ਰਿਹਾ ਹੈ। ਪਹਿਲੀ ਬਲਾਸਟ ਕਿਉਂ ਅਤੇ ਕਿਸ ਤਰ੍ਹਾਂ ਹੋਇਆ ਅਤੇ ਇਸ ਦੇ ਪਿੱਛੇ ਕਾਰਨ ਕੀ ਸੀ ਅਤੇ ਦੂਜੀ ਮ੍ਰਿਤਕ ਰਜਤ ਦਾ ਬਲਾਸਟ ਨਾਲ ਕੋਈ ਸਬੰਧ ਤਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਹੁਣ ਤੱਕ ਕੋਈ ਅਜਿਹੇ ਤੱਥ ਸਾਹਮਣੇ ਨਹੀਂ ਆਏ, ਜਿਸ ਨਾਲ ਮਾਮਲਾ ਕੋਈ ਜ਼ਿਆਦਾ ਗੰਭੀਰ ਲੱਗ ਰਿਹਾ ਹੋਵੇ। 
ਕੈਮੀਕਲ ਫਾਰਮੇਸ਼ਨ ਨਾਲ ਬਲਾਸਟ ਹੋਣ ਦੀ ਸੰਭਾਵਨਾ ਜ਼ਿਆਦਾ
ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਕੈਮੀਕਲ ਫਾਰਮੇਸ਼ਨ ਨਾਲ ਬਲਾਸਟ ਹੋਣ ਦੀ ਸੰਭਾਵਨਾ ਜ਼ਿਆਦਾ ਹੈ, ਹਲਾਂਕਿ ਬਲਾਸਟ ਐਕਸਪਰਟ ਦੀ ਟੀਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ, ਪੁਲਸ ਦੀ ਜਾਂਚ ਵਿਚ ਹੁਣ ਤੱਕ ਆਇਆ ਕਿ ਕੈਮੀਕਲ ਫਾਰਮੇਸ਼ਨ ਨਾਲ ਪੈਦਾ ਹੋਈ ਗੈਸ ਦੇ ਕਾਰਨ ਹੀ ਬਲਾਸਟ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਰਜਤ ਦੇ ਮੋਬਾਇਲ ਫੋਨ ਦੀ ਜਾਂਚ ਵੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਬਲਾਸਟ ਐਕਸਪਰਟ ਦੀ ਟੀਮ ਤੋਂ ਜਲਦ ਰਿਪੋਰਟ ਵੀ ਮੰਗੀ ਹੈ ਤਾਂ ਕਿ ਜਾਂਚ ਨੂੰ ਉਸ ਮੁਤਾਬਕ ਤੇਜ਼ ਕੀਤਾ ਜਾ ਸਕੇ ਅਤੇ ਉਹ ਵੀ ਕਿਸੇ ਨਤੀਜੇ 'ਤੇ ਪਹੁੰਚ ਸਕਣ। ਐੱਸ. ਪੀ. ਕੇਸਰ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ ਇਕ ਦਰਜਨ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਜਾਂਚ ਨੂੰ ਤੇਜ਼ੀ ਨਾਲ ਵਧਾਇਆ ਜਾਵੇਗਾ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਰਾਤ ਦੇ 1.00 ਵਜੇ  ਸ਼ਹਿਰ ਦੀ ਪੁਰਾਣੀ ਮਿਰਚ ਮੰਡੀ ਵਿਚ ਆਰ.ਕੇ. ਆਇਲ ਮਿਲ ਵਿਚ ਬਲਾਸਟ ਹੋ ਗਿਆ ਸੀ ਜਿਸ ਵਿਚ ਮਾਲਕ ਦੇ ਪੁੱਤਰ ਰਜਤ ਮਿੱਤਲ ਦੀ ਮੌਤ ਹੋ ਗਈ ਸੀ ਅਤੇ ਆਸ-ਪਾਸ ਦੀਆਂ ਚਾਰ ਦੁਕਾਨਾਂ ਦੇ ਪਰਖੱਚੇ ਉਡ ਗਏ ਸਨ ਅਤੇ ਰਜਤ ਦੀ ਲਾਸ਼ ਵੀ ਦੁਕਾਨ ਤੋਂ ਕਈ ਫੁੱਟ ਦੀ ਦੂਰੀ 'ਤੇ ਜਾ ਕੇ ਡਿੱਗੀ ਸੀ। ਸ਼ਕਤੀਸ਼ਾਲੀ ਧਮਾਕੇ ਤੇ ਰਾਤ ਨੂੰ ਹੋਏ ਧਮਾਕੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ, ਜਿਸ ਨੂੰ ਪੁਲਸ ਵੀ ਹਲਕੇ ਵਿਚ ਨਹੀਂ ਲੈਣਾ ਚਾਹੁੰਦੀ ਅਤੇ ਪੁਲਸ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਵਿਚ ਲੱਗੀ ਹੋਈ ਹੈ ਕਿ ਆਖਰ ਬਲਾਸਟ ਕਿਵੇਂ ਤੇ ਕਿਉਂ ਹੋਇਆ।


Related News