ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਪੌਸ਼ਟਿਕ ਮਿਡ-ਡੇ ਮੀਲ

12/12/2017 7:25:16 AM

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਪਰੋਸਿਆ ਜਾਣ ਵਾਲਾ ਖਾਣਾ ਪੌਸ਼ਟਿਕ ਭਰਪੂਰ ਨਹੀਂ ਹੈ। ਜ਼ਿਲਾ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਠੰਡਾ ਅਤੇ ਅੱੱਧ-ਪੱਕਿਆ ਦਿੱਤਾ ਜਾ ਰਿਹਾ ਹੈ। ਮਿਡ-ਡੇ ਮੀਲ ਦੇ ਮੈਨਿਊ ਅਨੁਸਾਰ ਜਿਥੇ ਅੱਜ ਤੱਕ ਵਿਦਿਆਰਥੀਆਂ ਨੂੰ ਖੀਰ ਨਹੀਂ ਦਿੱਤੀ ਗਈ ਉਥੇ ਹੀ ਖਾਣੇ ਦੀ ਕੁਆਲਿਟੀ ਸਹੀ ਨਾ ਹੋਣ ਕਾਰਨ ਵਧੇਰੇ ਬੱਚੇ ਮਿਡ-ਡੇ ਮੀਲ ਦਾ ਖਾਣਾ ਨਹੀਂ ਖਾ ਰਹੇ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਵਿਕਾਸ ਲਈ ਪੰਜਾਬ 'ਚ ਮਿਡ-ਡੇ ਮੀਲ ਯੋਜਨਾ ਸਾਲ 2005 'ਚ ਸ਼ੁਰੂ ਕੀਤੀ ਗਈ ਸੀ। ਯੋਜਨਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦੇ ਮੈਨੂਅਲ ਅਨੁਸਾਰ ਪੌਸ਼ਟਿਕ ਭਰਪੂਰ ਖਾਣਾ ਮੁਹੱਈਆ ਕਰਵਾਉਣਾ ਸੀ। ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰਾਂ ਵਿਚ ਮਿਡ-ਡੇ ਮੀਲ ਬਣਾਉਣ ਦੀ ਜ਼ਿੰਮੇਵਾਰੀ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਦਿੱਤੀ ਜਦਕਿ ਸ਼ਹਿਰੀ ਖੇਤਰ ਵਿਚ ਮਿਡ-ਡੇ ਮੀਲ ਖਾਣਾ ਬਣਾ ਕੇ ਸਕੂਲਾਂ ਤੱਕ ਮੁਹੱਈਆ ਕਰਵਾਉਣ ਲਈ ਵੱਖ-ਵੱਖ ਐੱਨ. ਜੀ. ਓ. ਨਾਲ ਰਾਬਤਾ ਕਾਇਮ ਕੀਤਾ ਗਿਆ। ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਤੇ ਨਵਾਂਸ਼ਹਿਰ ਦੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਐੱਨ. ਜੀ. ਓ. ਖਾਣਾ ਮੁਹੱਈਆ ਕਰਵਾ ਰਹੀਆਂ ਹਨ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੋਂ ਦੇ ਕਈ ਸਕੂਲਾਂ ਵਿਚ ਠੰਡਾ ਤੇ ਅੱੱਧ-ਪੱਕਿਆਂ ਖਾਣਾ ਖਾਣ ਤੋਂ ਵਿਦਿਆਰਥੀ ਗੁਰੇਜ਼ ਕਰ ਰਹੇ ਹਨ। 
ਸਰਕਾਰ ਵੱਲੋਂ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਦਿੱਤੇ ਜਾਂਦੇ ਹਨ ਪੈਸੇ
ਭਾਰਤ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸ਼ਹਿਰੀ ਖੇਤਰਾਂ 'ਚ ਚੱਲਣ ਵਾਲੇ ਮਿਡ-ਡੇ ਮੀਲ ਯੋਜਨਾ ਤਹਿਤ ਪ੍ਰਾਇਮਰੀ ਦੇ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ 6 ਰੁਪਏ 18 ਪੈਸੇ ਦਿੱਤੇ ਜਾਂਦੇ ਹਨ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਸ਼ਹਿਰੀ ਖੇਤਰ ਦੇ 210 ਸਕੂਲਾਂ ਦੇ 40 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਐੱਨ. ਜੀ. ਓ. ਖਾਣਾ ਮੁਹੱਈਆ ਕਰਵਾ ਰਹੀ ਹੈ।
ਠੰਡਾ ਦੇ ਅੱੱਧ-ਪੱਕਿਆ ਖਾਣਾ ਖਾਣ ਤੋਂ ਵਿਦਿਆਰਥੀ ਕਤਰਾਉਂਦੇ ਨੇ ਕੰਨੀ
ਅੰਮ੍ਰਿਤਸਰ ਸ਼ਹਿਰੀ ਖੇਤਰ ਦੇ ਸਕੂਲਾਂ ਵਿਚ ਐੱਨ. ਜੀ. ਓ. ਵੱਲੋਂ ਠੰਡ ਦੌਰਾਨ ਸਵੇਰੇ 9 ਤੋਂ 10 ਵਜੇ ਦੇ ਵਿਚਕਾਰ ਵਿਦਿਆਰਥੀਆਂ ਲਈ ਮਿਡ-ਡੇ ਮੀਲ ਸਕੂਲਾਂ ਵਿਚ ਪਹੁੰਚਾ ਦਿੱਤਾ ਜਾਂਦਾ ਹੈ ਜਦਕਿ ਵਿਦਿਆਰਥੀਆਂ ਨੂੰ ਅੱਧੀ ਛੁੱਟੀ 12.30 ਵਜੇ ਹੁੰਦੀ ਹੈ। ਅੱਧੀ ਛੁੱਟੀ ਤੱਕ ਖਾਣਾ ਠੰਡਾ ਹੋ ਜਾਂਦਾ ਹੈ ਤੇ ਸਕੂਲਾਂ ਕੋਲ ਵੀ ਖਾਣੇ ਨੂੰ ਗਰਮ ਕਰਨ ਦੇ ਪ੍ਰਬੰਧ ਨਹੀਂ ਹੁੰਦੇ। ਵਿਦਿਆਰਥੀਆਂ ਵੱਲੋਂ ਇਸ ਦੌਰਾਨ ਠੰਡਾ ਖਾਣਾ ਖਾਣ ਤੋਂ ਕੰਨੀ ਕਤਰਾਈ ਜਾਂਦੀ ਹੈ।
ਪੌਸ਼ਟਿਕ ਭਰਪੂਰ ਨਾ ਹੋਣ ਕਾਰਨ ਘੱਟ ਮਾਤਰਾ 'ਚ ਲਿਆ ਜਾ ਰਿਹੈ ਖਾਣਾ
ਜਗ ਬਾਣੀ ਨਾਲ ਕਈ ਸਕੂਲਾਂ ਦੇ ਅਧਿਆਪਕਾਂ ਨੇ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਖਾਣੇ ਦੀ ਕੁਆਲਿਟੀ ਠੀਕ ਨਾ ਹੋਣ ਕਰ ਕੇ ਵਿਦਿਆਰਥੀ ਮਿਡ-ਡੇ ਮੀਲ ਖਾਣਾ ਖਾਣ ਦੀ ਬਜਾਏ ਆਪਣੇ ਘਰੋਂ ਖਾਣਾ ਲੈ ਕੇ ਆਉਂਦੇ ਹਨ। ਇਸ ਕਰ ਕੇ ਉਨ੍ਹਾਂ ਦੇ ਸਕੂਲਾਂ ਵਿਚ ਰੋਜ਼ਾਨਾ ਘੱਟ ਮਾਤਰਾ ਵਿਚ ਖਾਣਾ ਲਿਆ ਜਾ ਰਿਹਾ ਹੈ। ਕਈ ਅਧਿਆਪਕਾਂ ਨੇ ਤਾਂ ਇਹ ਵੀ ਦੱਸਿਆ ਕਿ ਮਿਡ-ਡੇ ਮੀਲ ਤਹਿਤ ਆਉਣ ਵਾਲੀਆਂ ਰੁਮਾਲੀ ਰੋਟੀਆਂ 'ਚ ਮੈਦੇ ਦਾ ਮਿਸ਼ਰਨ ਜ਼ਿਆਦਾ ਹੁੰਦਾ ਹੈ ਤੇ ਅੱਧੀਆਂ ਕੱਚੀਆਂ ਹੁੰਦੀਆਂ ਹਨ।
ਅਧਿਕਾਰੀਆਂ ਕੋਲ ਵੀ ਪੁੱਜੀ ਸ਼ਿਕਾਇਤ 
ਸਰਕਾਰੀ ਸਕੂਲਾਂ 'ਚ ਮਿਡ-ਡੇ ਮੀਲ ਪੌਸ਼ਟਿਕ ਭਰਪੂਰ ਨਾ ਦਿੱਤੇ ਜਾਣ ਦੀ ਸ਼ਿਕਾਇਤ ਸਿੱਖਿਆ ਵਿਭਾਗ ਕੋਲ ਵੀ ਪੁੱਜੀ ਹੈ। ਵਿਭਾਗ ਨੇ ਇਸ ਸਬੰਧੀ ਪ੍ਰਿੰਸੀਪਲ ਮਨਦੀਪ ਕੌਰ, ਪ੍ਰਿੰ. ਜਤਿੰਦਰਪਾਲ ਸੰਧੂ, ਪ੍ਰਿੰ. ਰਾਜੇਸ਼ ਸ਼ਰਮਾ, ਪ੍ਰਿੰ. ਇਕਬਾਲ ਸਿੰਘ, ਪ੍ਰਿੰ. ਮੋਨਿਕਾ, ਪ੍ਰਿੰ. ਮਨਮੀਤ ਕੌਰ ਦੀ ਅਗਵਾਈ ਵਾਲੀ ਟੀਮ ਮਿਡ-ਡੇ ਮੀਲ ਤਿਆਰ ਕੀਤੇ ਜਾਣ ਵਾਲੀ ਰਸੋਈ 'ਚ ਭੇਜੀ। ਟੀਮ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ 'ਚ ਠੰਡੇ ਖਾਣੇ, ਕੱਚੀਆਂ ਰੁਮਾਲੀ ਰੋਟੀਆਂ ਆਦਿ ਉਣਤਾਈਆਂ ਪਾਈਆਂ ਹਨ। ਟੀਮ ਨੇ ਰਸੋਈ 'ਚ ਵਰਤੇ ਜਾਣ ਵਾਲੇ ਮਸਾਲੇ ਆਦਿ ਦੇ ਸੈਂਪਲ ਵੀ ਲਏ ਹਨ। 


Related News