ਜੀ. ਐੱਮ. ਸੀ. ਐੱਚ.-32 ''ਚ ਦਵਾਈਆਂ ਦਾ ਨਾਜਾਇਜ਼ ਕਾਰੋਬਾਰ, ਨਰਸ ਸਸਪੈਂਡ

10/18/2017 8:06:22 AM

ਚੰਡੀਗੜ੍ਹ (ਅਰਚਨਾ) - ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 'ਚ ਦਵਾਈਆਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਮੇਲ ਨਰਸ ਨੂੰ ਅੱਜ ਹਸਪਤਾਲ ਮੈਨੇਜਮੈਂਟ ਨੇ ਸਸਪੈਂਡ ਕਰ ਦਿੱਤਾ। ਨਰਸ ਲੰਬੇ ਸਮੇਂ ਤੋਂ ਹਸਪਤਾਲ ਦੇ ਮਰੀਜ਼ਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਵਾਈਆਂ ਵੇਚ ਰਿਹਾ ਸੀ। ਹਸਪਤਾਲ 'ਚ ਨਰਸ ਨੇ ਆਪਣੇ ਏਜੰਟ ਛੱਡੇ ਹੋਏ ਸਨ, ਜੋ ਮਰੀਜ਼ਾਂ 'ਤੇ ਸ਼ਿਕੰਜਾ ਕੱਸਦੇ ਸਨ ਤੇ ਉਨ੍ਹਾਂ ਨੂੰ ਘੱਟ ਮੁੱਲ 'ਤੇ ਦਵਾਈਆਂ ਦੇਣ ਦਾ ਲਾਲਚ ਦੇ ਕੇ ਦਵਾਈਆਂ ਵੇਚੀਆਂ ਜਾ ਰਹੀਆਂ ਸਨ। ਸਭ ਤੋਂ ਜ਼ਿਆਦਾ ਕਾਰੋਬਾਰ ਕਾਰਡੀਅਕ ਸੈਂਟਰ, ਮੈਡੀਸਨ ਵਿਭਾਗ ਤੇ ਸਰਜਰੀ ਦੇ ਵਿਭਾਗਾਂ 'ਚ ਚੱਲ ਰਿਹਾ ਸੀ। ਹਸਪਤਾਲ ਦੇ ਮੇਨ ਆਪ੍ਰੇਸ਼ਨ ਥਿਏਟਰ ਦੇ ਬਾਹਰ ਨਰਸ ਦੇ ਏਜੰਟਾਂ ਦਾ ਜਾਲ ਫੈਲਿਆ ਰਹਿੰਦਾ ਸੀ।
ਇਸ ਤੋਂ ਪਹਿਲਾਂ ਦੋ ਨਰਸਾਂ ਨੂੰ ਹਸਪਤਾਲ 'ਚ ਦਵਾਈਆਂ ਦੇ ਨਾਜਾਇਜ਼ ਕਾਰੋਬਾਰ ਕਰਦੇ ਹੋਏ ਫੜਿਆ ਜਾ ਚੁੱਕਾ ਹੈ ਤੇ ਉਨ੍ਹਾਂ ਦੋਵਾਂ ਨੂੰ ਵਿਜੀਲੈਂਸ ਜਾਂਚ ਦੇ ਬਾਅਦ ਪਲਸੌਰਾ ਦੇ ਸੈਂਟਰ 'ਚ ਵੀ ਸ਼ਿਫਟ ਕੀਤਾ ਜਾ ਚੁੱਕਾ ਹੈ। ਨਰਸ ਵਾਰਿਸ ਨੂੰ ਸਸਪੈਂਡ ਕਰਨ ਦੇ ਇਲਾਵਾ ਹਸਪਤਾਲ ਨੇ ਜਾਂਚ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ। ਫਾਰਮਾਕਾਲੋਜੀ ਵਿਭਾਗ ਦੇ ਐਕਸਪਰਟ ਤੇ ਸਕਿਓਰਿਟੀ ਇੰਚਾਰਜ ਡਾ. ਸੀ. ਐੱਸ. ਗੌਤਮ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ।
ਹਸਪਤਾਲ ਨੇ ਡਾ. ਗੌਤਮ ਨੂੰ ਨਿਰਦੇਸ਼ ਦਿੱਤੇ ਹਨ ਕਿ ਦਵਾਈਆਂ ਦੇ ਕਾਰੋਬਾਰ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕੀਤੀ ਜਾਵੇ। ਨਰਸ ਦੇ ਨਾਲ ਹਸਪਤਾਲ ਦੇ ਹੋਰ ਕਿੰਨੇ ਨਰਸ ਮਿਲੇ ਹੋਏ ਸਨ, ਇਹ ਨਰਸ ਕਿਸ ਤਰ੍ਹਾਂ ਦਵਾਈਆਂ ਦਾ ਧੰਦਾ ਚਲਾ ਰਹੇ ਸਨ ਤੇ ਉਨ੍ਹਾਂ ਦੇ ਨਾਲ ਹਸਪਤਾਲ ਦੇ ਕਿਹੜੇ-ਕਿਹੜੇ ਡਾਕਟਰ ਸ਼ਾਮਲ ਸਨ, ਇਹ ਸਾਰੇ ਤੱਥ ਵੀ ਡਾ. ਗੌਤਮ ਦੀ ਜਾਂਚ ਵਿਚ ਸਾਹਮਣੇ ਆਉਣਗੇ।
ਸੂਤਰਾਂ ਦੀ ਮੰਨੀਏ ਹਸਪਤਾਲ 'ਚ ਦਵਾਈਆਂ ਦਾ ਧੰਦਾ ਚਮਕਾਉਣ ਲਈ ਨਰਸਾਂ ਨੇ ਕੁਝ ਰੈਜ਼ੀਡੈਂਟ ਡਾਕਟਰਾਂ ਨੂੰ ਵੀ ਆਪਣੇ ਗੈਂਗ 'ਚ ਸ਼ਾਮਲ ਕੀਤਾ ਹੋਇਆ ਸੀ। ਡਾਕਟਰਾਂ ਦੇ ਵਾਰਡਾਂ 'ਚ ਹੋਣ ਵਾਲੇ ਦੌਰਿਆਂ 'ਚ ਵੀ ਨਰਸਿੰਗ ਸਟਾਫ ਨਾਲ ਇਹ ਗੈਂਗ ਨਿਕਲ ਪੈਂਦਾ ਸੀ ਤੇ ਮਰੀਜ਼ਾਂ ਤੋਂ ਦਵਾਈਆਂ ਦਾ ਬਿਓਰਾ ਲੈ ਕੇ ਉਨ੍ਹਾਂ ਨੂੰ ਵਾਰਡ 'ਚ ਹੀ ਦਵਾਈਆਂ ਸਪਲਾਈ ਕਰ ਦਿੱਤੀਆਂ ਜਾਂਦੀਆਂ ਸਨ। ਕਿਹੜੇ ਡਾਕਟਰ ਕਿਸ ਕਾਰਨ ਨਰਸਾਂ ਦਾ ਸਾਥ ਦੇ ਰਹੇ ਸਨ, ਇਹ ਸਾਰੇ ਤੱਥ ਡਾ. ਗੌਤਮ ਦੀ ਜਾਂਚ ਵਿਚ ਸਾਹਮਣੇ ਆਉਣਗੇ।
ਜਾਂਚ ਪੂਰੀ ਹੋਣ ਤਕ ਨਰਸ ਰਹੇਗਾ ਸਸਪੈਂਡ, ਰੰਗੇ ਹੱਥੀਂ ਫੜਿਆ ਗਿਆ ਸੀ
ਨਰਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਨਰਸ ਦੀ ਕਾਰ 'ਚੋਂ ਅਜਿਹੀਆਂ ਦਵਾਈਆਂ ਦਾ ਸਟਾਕ ਮਿਲਿਆ ਸੀ, ਜਿਨ੍ਹਾਂ ਨੂੰ ਹਸਪਤਾਲ ਦੇ ਮਰੀਜ਼ਾਂ ਨੂੰ ਇਲਾਜ ਦੌਰਾਨ ਦਿੱਤਾ ਜਾਂਦਾ ਸੀ। ਚੰਡੀਗੜ੍ਹ ਪੁਲਸ ਨੇ ਕਾਰ ਜ਼ਬਤ ਕੀਤੀ ਸੀ ਤੇ ਨਰਸ ਨੂੰ ਰੰਗੇ ਹੱਥੀਂ ਫੜਿਆ ਗਿਆ ਸੀ। ਜਦੋਂ ਤਕ ਜਾਂਚ ਚੱਲਦੀ ਹੈ, ਨਰਸ ਸਸਪੈਂਡ ਰਹੇਗਾ। ਅੱਗੇ ਦੀ ਕਾਰਵਾਈ ਡਾ. ਗੌਤਮ ਦੀ ਜਾਂਚ ਪੂਰੀ ਹੋਣ ਮਗਰੋਂ ਕੀਤੀ ਜਾਵੇਗੀ।
-ਪ੍ਰੋ. ਰਵੀ ਗੁਪਤਾ, ਮੈਡੀਕਲ ਸੁਪਰਡੈਂਟ ਜੀ. ਐੱਮ. ਸੀ. ਐੱਚ.-32


Related News