''ਪੰਜਾਬ ਸਰਕਾਰ ਐੱਨ. ਆਰ. ਆਈ. ਸੈੱਲ ਨੂੰ ਨਹੀਂ ਚਲਾ ਸਕਦੀ ਤਾਂ ਬੰਦ ਕਰ ਦੇਵੇ''

06/26/2017 7:44:48 AM

ਪਟਿਆਲਾ  (ਜੋਸਨ) - ਐੱਨ. ਆਰ. ਆਈਜ਼ ਦੀਆਂ ਸ਼ਿਕਾਇਤਾਂ ਲਈ ਬਣਾਏ ਸੈੱਲ ਵਿਚ ਵੀ ਸੁਣਵਾਈ ਨਾ ਹੋਣ 'ਤੇ ਅੱਜ ਇਥੇ ਐੱਨ. ਆਰ. ਆਈਜ਼ ਨੇ ਸਰਕਾਰ ਖਿਲਾਫ ਭੜਾਸ ਕੱਢੀ। ਆਸਟ੍ਰੇਲੀਆ ਤੋਂ ਆਏ ਭਰਤਇੰਦਰ ਸਿੰਘ ਸੋਹੀ ਜੋ ਕਿ ਪਟਿਆਲਾ ਦੇ ਸੈਂਚੁਰੀ ਇਨਕਲੇਵ ਦਾ ਵਸਨੀਕ ਹੈ, ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਾਂ ਤਾਂ ਸਰਕਾਰ ਆਪਣੇ ਐੱਨ. ਆਰ. ਆਈ. ਸੈੱਲ ਨੂੰ ਬੰਦ ਕਰ ਦੇਵੇ ਅਤੇ ਜਾਂ ਫਿਰ ਸਹੀ ਤਰੀਕੇ ਨਾਲ ਚਲਾਵੇ ਤਾਂ ਕਿ ਬਾਹਰੋਂ ਆਸ ਲੈ ਕੇ ਆਉਣ ਵਾਲਿਆਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਇਆ ਜਾ ਰਿਹਾ, ਐੱਨ. ਆਰ. ਆਈ. ਸੈੱਲ ਸਿਰਫ ਨਾਂ ਦਾ ਹੀ ਹੈ। ਇਸ ਵਿਚ ਕਿਸੇ ਨੂੰ ਜਲਦੀ ਇਨਸਾਫ ਨਹੀਂ ਮਿਲਦਾ। ਮੈਂ ਖੁਦ ਵੀ ਪੀੜਤ ਹਾਂ ਕਿਉਂਕਿ ਮੈਂ ਪਟਿਆਲਾ ਦੇ ਇਕ ਬੈਂਕ ਦੀ ਸ਼ਿਕਾਇਤ ਕੀਤੀ ਸੀ, ਜਿਸ ਦੀ ਅਜੇ ਤੱਕ ਸੁਣਵਾਈ ਨਹੀਂ ਹੋ ਸਕੀ। ਇਸ 'ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਗੌਰ ਨਹੀਂ ਕੀਤਾ। ਇਸ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਬਹੁਤ ਵੱਡੇ ਘਪਲੇ ਸਾਹਮਣੇ ਆ ਸਕਦੇ ਹਨ।
ਸੋਹੀ ਨੇ ਦੱਸਿਆ ਕਿ ਮੈਂ ਅਤੇ ਮੇਰੇ ਭਰਾ ਨੇ ਇਕ ਬੈਂਕ ਤੋਂ ਸਾਲ 2013 ਵਿਚ 8 ਲੱਖ ਦਾ ਹਾਊਸ ਲੋਨ ਲਿਆ ਸੀ। ਉਸ ਮੁਤਾਬਿਕ ਮੇਰੇ ਵਿਦੇਸ਼ ਹੋਣ ਕਾਰਨ ਮੈਂ ਲੋਨ ਦੀਆਂ ਕਿਸ਼ਤਾਂ ਨਾ ਭਰ ਸਕਿਆ ਤੇ ਲੋਨ ਐੱਨ. ਪੀ. ਏ. ਵਿਚ ਚਲਾ ਗਿਆ। ਇਸ ਬਾਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਸਤੰਬਰ 2016 'ਚ ਵਿਦੇਸ਼ੋਂ ਵਾਪਿਸ ਆਇਆ। ਇਸ ਤੋਂ ਬਾਅਦ ਮੈਂ ਦੁਬਾਰਾ ਵਿਦੇਸ਼ੋਂ ਆ ਕੇ ਦਸੰਬਰ 2016 ਵਿਚ 40 ਹਜ਼ਾਰ ਰੁਪਏ ਬੈਂਕ ਵਿਚ ਭਰੇ ਅਤੇ ਕੇਸ ਨੂੰ ਐੱਨ. ਪੀ. ਏ. ਵਿਚੋਂ ਕੱਢਣ ਲਈ ਕਿਹਾ। ਮੈਂ ਫਿਰ ਵਿਦੇਸ਼ ਚਲਾ ਗਿਆ ਅਤੇ ਪੈਸੇ ਦਾ ਇੰਤਜ਼ਾਮ ਕਰ ਕੇ ਫਰਵਰੀ 2017 ਵਾਪਿਸ ਆਇਆ ਅਤੇ 8 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਸ਼੍ਰੀ ਸੋਹੀ ਦੇ ਮੁਤਾਬਿਕ ਬੈਂਕ ਅਧਿਕਾਰੀਆਂ ਨੇ ਕਾਫੀ ਗੇੜੇ ਮਾਰਨ ਪਿਛੋਂ ਮੈਨੂੰ ਐੱਨ. ਓ. ਸੀ. ਜਾਰੀ ਕਰ ਦਿੱਤੀ। ਉਸ ਵਿਚ ਨਾ ਤਾਂ ਪੈਸੇ ਲਿਖੇ ਅਤੇ ਨਾ ਹੀ ਪ੍ਰਾਪਰਟੀ ਦਾ ਵੇਰਵਾ, ਜਿਸ ਨੂੰ ਮੰਨਣ ਤੋਂ ਪਟਵਾਰੀ ਨੇ ਇਨਕਾਰ ਕਰ ਦਿੱਤਾ। ਜਦੋਂ ਮੈਂ ਮੁੜ ਬੈਂਕ ਗਿਆ ਤਾਂ ਉਨ੍ਹਾਂ ਨੇ ਫਿਰ ਕਈ ਚੱਕਰ ਲਗਵਾ ਕੇ ਐੱਨ. ਓ. ਸੀ. ਜਾਰੀ ਕਰ ਦਿੱਤੀ, ਇਸ ਵਿਚ ਪੈਸੇ ਲਿਖ ਦਿੱਤੇ ਪਰ ਪ੍ਰਾਪਰਟੀ ਦਾ ਵੇਰਵਾ ਨਾ ਲਿਖਿਆ, ਇਹ ਐੱਨ. ਓ. ਸੀ. ਵੀ ਪਟਵਾਰੀ ਨੇ ਮੰਨਣ ਤੋਂ ਇਕਨਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੈਨੂੰ ਫਿਰ ਵੀ ਸਹੀ ਐੱਨ. ਓ. ਸੀ. ਨਾ ਮਿਲੀ ਤਾਂ ਫਿਰ ਮੈਂ ਉਪਭੋਗਤਾ ਅਦਾਲਤ ਗਿਆ, ਜਿਥੇ ਬੈਂਕ ਨੇ ਇਕ ਤੀਜੀ ਐੱਨ. ਓ. ਸੀ. ਪੇਸ਼ ਕਰ ਦਿੱਤੀ, ਜਿਸ ਵਿਚ ਪੈਸੇ ਅਤੇ ਪ੍ਰਾਪਰਟੀ ਨੰਬਰ ਲਿਖਿਆ ਹੋਇਆ ਸੀ।
ਮੈਂ ਮੀਡੀਆ ਜ਼ਰੀਏ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਜਿਹਾ ਮੇਰੇ ਨਾਲ ਸਿਰਫ਼ ਇਸ ਕਰ ਕੇ ਕੀਤਾ ਗਿਆ ਕਿ ਮੈਂ ਐੱਨ. ਆਰ. ਆਈ. ਹਾਂ ਅਤੇ ਮੇਰੇ ਕੋਲੋਂ ਫਾਲਤੂ ਪੈਸੇ ਲੈਣ ਦੇ ਮਕਸਦ ਨਾਲ। ਇਸ ਲਈ ਜਦੋਂ ਮੈਂ ਫਾਲਤੂ ਪੈਸੇ ਦੇਣ ਲਈ ਰਿਸਪੌਂਸ ਨਾ ਦਿੱਤਾ ਤਾਂ ਮੈਨੂੰ ਇਨ੍ਹਾਂ ਢੰਗਾਂ ਨਾਲ ਜ਼ਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲਾ ਮੈਨੇਜਰ ਰਾਕੇਸ਼ ਗੋਇਲ ਅਤੇ ਰਾਜੇਸ਼ ਸਿੰਗਲਾ ਇਕ ਹੋਰ ਕੰਪਨੀ ਦਾ ਕੰਮ ਵੀ ਕਰਦੇ ਹਨ, ਜੋ ਕਿ ਗਾਹਕਾਂ ਨੂੰ ਮਜਬੂਰੀਵਸ ਮੈਂਬਰ ਬਣਾਉਂਦੇ ਹਨ ਅਤੇ ਮੈਨੂੰ ਪੇਸ਼ਕਸ਼ ਕੀਤੀ ਸੀ ਅਤੇ ਸੈਂਪਲ ਦੇ ਤੌਰ 'ਤੇ ਸਾਮਾਨ ਵੀ ਦਿੱਤਾ ਸੀ, ਮੇਰੇ ਮੈਂਬਰ ਨਾ ਬਣਨ ਦਾ ਨਤੀਜਾ ਹੀ ਮੇਰੀ ਜ਼ਲੀਲਤਾ ਬਣਿਆ ਹੈ।
ਇਲਜ਼ਾਮਾਂ ਵਿਚ ਕੋਈ ਸਚਾਈ ਨਹੀਂ : ਗੋਇਲ
ਇਸ ਸਬੰਧੀ ਜ਼ਿਲਾ ਮੈਨੇਜਰ ਰਾਕੇਸ਼ ਗੋਇਲ ਦਾ ਕਹਿਣਾ ਹੈ ਕਿ ਇਲਜ਼ਾਮਾਂ 'ਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ 3 ਐੱਨ. ਓ. ਸੀ. ਜਾਰੀ ਕਰਨ ਦਾ ਸਬੰਧ ਸਬੰਧਿਤ ਬ੍ਰਾਂਚ ਦਾ ਹੈ ਜਦਕਿ ਕਿਸੇ ਹੋਰ ਕੰਪਨੀ ਵਿਚ ਕੰਮ ਕਰਨ ਦੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਜੋ ਵੀ ਕੰਮ ਬੈਂਕ ਅਧਿਕਾਰੀਆਂ ਨੂੰ ਕਿਹਾ ਉਹ ਕੰਮ ਉਸ ਨੂੰ ਲਿਖਤੀ ਤੌਰ 'ਤੇ ਕਰ ਕੇ ਦਿੱਤਾ ਅਤੇ ਉਸ ਨੂੰ ਕਦੇ ਵੀ ਜਵਾਬ ਨਹੀਂ ਦਿੱਤਾ। ਉਧਰ ਬ੍ਰਾਂਚ ਮੈਨੇਜਰ ਗੁਰਪ੍ਰੀਤ ਕੌਰ ਛਾਬੜਾ ਨੇ ਇਸ ਮਾਮਲੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।


Related News