ਸ਼ਹਿਰ ''ਚ ਹੁਣ ਚੋਰਾਂ ਦੀ ਦਹਿਸ਼ਤ, ਇਕੋ ਰਾਤ 2 ਦੁਕਾਨਾਂ ਅਤੇ ਇਕ ਘਰ ਨੂੰ ਬਣਾਇਆ ਨਿਸ਼ਾਨਾ

07/23/2017 2:06:59 PM

 

ਸ੍ਰੀ ਮੁਕਤਸਰ ਸਾਹਿਬ(ਪਵਨ)-ਸਥਾਨਕ ਕੋਟਕਪੂਰਾ ਰੋਡ 'ਤੇ ਥਾਣਾ ਸਦਰ ਦੇ ਸਾਹਮਣੇ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਕੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਸ਼ਹਿਰ 'ਚ ਬਿਨਾਂ ਕਿਸੇ ਡਰ-ਭੈਅ ਦੇ ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਸਥਾਨਕ ਥਾਣਾ ਸਦਰ ਦੇ ਸਾਹਮਣੇ ਵਾਲੇ ਪਾਸੇ ਸਥਿਤ ਔਲਖ ਡੇਅਰੀ ਤੇ ਗਰਗ ਕਰਿਆਨਾ ਸਟੋਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 10.30 ਵਜੇ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਘਰ ਚਲੇ ਗਏ ਪਰ ਅੱਜ ਸਵੇਰੇ ਜਦ ਵਾਪਿਸ ਆਏ ਤਾਂ ਦੇਖਿਆ ਕਿ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸਨ ਤੇ ਨਕਦੀ ਅਤੇ ਸਾਮਾਨ ਵੀ ਗਾਇਬ ਸੀ। ਚੋਰ ਔਲਖ ਡੇਅਰੀ 'ਚਂੋ ਨਕਦੀ ਸਮੇਤ ਕਰੀਬ 15000 ਰੁਪਏ ਦਾ ਸਾਮਾਨ ਲੈ ਗਏ, ਜਦਕਿ ਗਰਗ ਕਰਿਆਨਾ ਸਟੋਰ 'ਚੋਂ ਕਰੀਬ 20 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਦੁਕਾਨਦਾਰਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਕੋਟਕਪੂਰਾ, (ਨਰਿੰਦਰ)-ਬੀਤੀ ਰਾਤ ਸਥਾਨਕ ਮੁਹੱਲਾ ਲਾਜਪਤ ਨਗਰ ਵਿਖੇ ਇਕ ਘਰ 'ਚ ਚੋਰੀ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਰਿਵਾਰ ਦੇ ਮੈਂਬਰ ਘਰ ਦੇ ਇਕ ਕਮਰੇ 'ਚ ਸੁੱਤੇ ਪਏ ਸਨ ਕਿ ਚੋਰ ਘਰ 'ਚੋਂ ਚਾਰ ਮੋਬਾਇਲ ਤੇ ਨਕਦੀ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਮੁਨੀਸ਼ ਕੁਮਾਰ ਸੇਠੀ ਨੇ ਦੱਸਿਆ ਕਿ ਉਸ ਦੇ ਪਿਤਾ ਦਰਸ਼ਨ ਲਾਲ ਤੇ ਹੋਰ ਪਰਿਵਾਰਕ ਮੈਂਬਰ ਘਰ ਦੇ ਚੁਬਾਰੇ 'ਚ ਸੁੱਤੇ ਹੋਏ ਸਨ, ਜਦ ਸਵੇਰੇ 6 ਵਜੇ ਦੇ ਕਰੀਬ ਉਹ ਉੱਠੇ ਤਾਂ ਵੇਖਿਆ ਕਿ ਉਨ੍ਹਾਂ ਦੇ ਕੋਲ ਪਏ ਤਿੰਨ ਮੋਬਾਇਲ ਫੋਨ ਗਾਇਬ ਸਨ, ਜਦ ਉਹ ਥੱਲੇ ਗਏ ਤਾਂ ਕਮਰੇ ਦਾ ਸਾਮਾਨ ਖਿਲਰਿਆ ਹੋਇਆ ਸੀ ਤੇ ਉਥੋਂ ਇਕ ਮੋਬਾਇਲ ਤੇ ਢਾਈ-ਤਿੰਨ ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀ ਖੁੱਲ੍ਹੀ ਹੋਈ ਬਾਰੀ ਰਾਹੀਂ ਪਹਿਲਾਂ ਉੱਪਰਲੇ ਕਮਰੇ 'ਚ ਦਾਖਲ ਹੋਏ ਤੇ ਉਸ ਤੋਂ ਬਾਅਦ ਹੇਠਲੇ ਕਮਰੇ 'ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧ 'ਚ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News