53 ਲੋਕਾਂ ਤੋਂ ਪੁੱਛਗਿੱਛ, ਫਿਰ ਵੀ ਸਬੂਤ ਨਹੀਂ ਲੱਗੇ ਹੱਥ

08/18/2017 6:31:33 AM

ਚੰਡੀਗੜ੍ਹ  (ਸੁਸ਼ੀਲ) - ਚੰਡੀਗੜ੍ਹ ਟ੍ਰੈਫਿਕ ਪਾਰਕ ਵਿਚ ਸਕੂਲੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਅਜੇ ਤਕ ਚੰਡੀਗੜ੍ਹ ਪੁਲਸ ਨੂੰ ਕੋਈ ਪੁਖਤਾ ਸੁਰਾਗ ਨਹੀਂ ਮਿਲ ਸਕਿਆ ਹੈ। ਮਾਮਲੇ ਵਿਚ ਪੁਲਸ ਨੇ 53 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸੀ, ਜਿਸ ਵਿਚ ਹਾਰਟੀ ਕਲਚਰ ਵਿਭਾਗ ਦੇ 45 ਤੇ ਚੰਡੀਗੜ੍ਹ ਟ੍ਰੈਫਿਕ ਪਾਰਕ ਵਿਚ ਕੈਮਰੇ ਲਵਾਉਣ ਵਾਲੇ 8 ਲੋਕ ਸ਼ਾਮਲ ਹਨ। ਪੁੱਛਗਿੱਛ ਵਿਚ ਸਾਰਿਆਂ ਨੇ ਮਾਮਲੇ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਪੁਲਸ ਨੇ ਸਾਰਿਆਂ ਦੀ ਮੋਬਾਇਲ ਲੋਕੇਸ਼ਨ ਖੰਗਾਲੀ ਪਰ ਕੋਈ ਅਜਿਹੀ ਚੀਜ਼ ਹੱਥ ਨਹੀਂ ਲੱਗੀ, ਜਿਸ ਨਾਲ ਮਾਮਲੇ ਵਿਚ ਮਦਦ ਮਿਲ ਸਕੇ। ਉਥੇ ਹੀ ਪੁਲਸ ਟੀਮ ਵੀਰਵਾਰ ਨੂੰ ਪੀੜਤ ਬੱਚੀ ਨੂੰ ਲੈ ਕੇ ਘਟਨਾ ਸਥਾਨ 'ਤੇ ਗਈ ਸੀ।
ਪੁਲਸ ਸੂਤਰਾਂ ਮੁਤਾਬਿਕ ਵਿਦਿਆਰਥਣ ਘਟਨਾ ਸਥਾਨ ਦੀ ਸਹੀ ਥਾਂ ਬਾਰੇ ਨਹੀਂ ਦੱਸ ਸਕੀ। ਵਿਦਿਆਰਥਣ ਘਟਨਾ ਸਥਾਨ ਵਾਲੀ ਥਾਂ ਵਾਰ-ਵਾਰ ਵੱਖ-ਵੱਖ ਦੱਸ ਰਹੀ ਸੀ। ਇਸ ਤੋਂ ਬਾਅਦ ਪੁਲਸ ਟੀਮ ਵਿਦਿਆਰਥਣ ਨੂੰ ਕਾਊਂਸਲਿੰਗ ਲਈ ਪੀ. ਜੀ. ਆਈ. ਲੈ ਗਈ, ਜਿਥੇ ਡਾਕਟਰਾਂ ਨੇ ਬੱਚੀ ਤੋਂ ਮਾਮਲੇ ਵਿਚ ਪੁੱਛਗਿੱਛ ਕੀਤੀ। ਪੁਲਸ ਸੂਤਰਾਂ ਮੁਤਾਬਿਕ ਪੁਲਸ ਵਿਦਿਆਰਥਣ ਦੇ ਬਿਆਨਾਂ 'ਤੇ ਹੀ ਸ਼ੱਕ ਜਤਾ ਰਹੀ ਹੈ। ਉਥੇ ਹੀ ਪੁਲਸ ਨੇ ਵਿਦਿਆਰਥਣ ਦੀ ਨਿਸ਼ਾਨਦੇਹੀ 'ਤੇ ਕਈ ਸਕੈੱਚ ਤਾਂ ਬਣਾਏ ਪਰ ਕੋਈ ਵੀ ਸਕੈੱਚ ਜਾਰੀ ਨਹੀਂ ਕੀਤਾ ਗਿਆ।
ਡੀ. ਜੀ. ਪੀ. ਨੇ ਸੱਦੀ ਬੈਠਕ
ਵੀਰਵਾਰ ਦੁਪਹਿਰ ਨੂੰ ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਨੇ ਬੈਠਕ ਕੀਤੀ, ਜਿਸ ਵਿਚ ਸਾਰੇ ਡੀ. ਆਈ. ਜੀ. ਡਾ. ਓ. ਪੀ. ਮਿਸ਼ਰਾ, ਐੈੱਸ. ਐੈੱਸ. ਪੀ. ਈਸ਼ ਸਿੰਘਲ, ਸਤੀਸ਼ ਕੁਮਾਰ, ਦੀਪਕ ਯਾਦਵ ਤੇ ਰਾਮਗੋਪਾਲ (ਸਾਰੇ ਡੀ. ਐੱਸ. ਪੀ.) ਮੌਜੂਦ ਸਨ। ਮੀਟਿੰਗ ਵਿਚ ਡੀ. ਜੀ. ਪੀ. ਨੇ ਸ਼ਹਿਰ ਵਿਚ ਵਿਗੜ ਰਹੇ ਲਾਅ ਐਂਡ ਆਰਡਰ ਨੂੰ ਸੁਧਾਰਨ ਲਈ ਕਿਹਾ। ਇਸ ਤੋਂ ਇਲਾਵਾ ਆਪਣੀ ਡਵੀਜ਼ਨ ਵਿਚ ਪੁਲਸ ਪੈਟਰੋਲਿੰਗ ਵਧਾਉਣ ਲਈ ਵੀ ਕਿਹਾ।
ਲੜਕੀ ਨਾਲ ਗਲਤ ਵਿਵਹਾਰ ਦੀ ਆਈ ਕਾਲ
ਸੁਤੰਤਰਤਾ ਦਿਵਸ 'ਤੇ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਵਾਲੀ ਥਾਂ 'ਤੇ ਵੀਰਵਾਰ ਦੁਪਹਿਰ ਨੂੰ ਇਕ ਲੜਕੀ ਨਾਲ 6 ਸਕੂਲੀ ਵਿਦਿਆਰਥੀਆਂ ਨੇ ਗਲਤ ਵਿਵਹਾਰ ਕੀਤਾ। ਇਸ ਸਬੰਧੀ ਕਾਲ ਮਿਲਦਿਆਂ ਹੀ ਪੀ. ਸੀ. ਆਰ., ਸੈਕਟਰ-17 ਥਾਣਾ ਇੰਚਾਰਜ ਦਿਲਬਾਗ ਸਿੰਘ ਤੇ ਸੈਕਟਰ-22 ਚੌਕੀ ਪੁਲਸ ਮੌਕੇ 'ਤੇ ਪਹੁੰਚੀ। ਉਥੇ ਪੁਲਸ ਨੂੰ ਮਿਲੀ ਲੜਕੀ ਨੇ ਦੱਸਿਆ ਕਿ ਸੈਕਟਰ-23 ਦੇ ਸਰਕਾਰੀ ਸਕੂਲ ਦੇ ਪਿੱਛੇ 6 ਲੜਕੇ ਨਸ਼ਾ ਕਰ ਰਹੇ ਸਨ। ਇਨ੍ਹਾਂ ਵਿਚੋਂ 4 ਸਕੂਲੀ ਡਰੈੱਸ ਵਿਚ ਸਨ। ਉਹ ਸਾਰੇ ਲੜਕੀ 'ਤੇ ਟਿੱਪਣੀਆਂ ਕਰਨ ਲੱਗੇ। ਹਾਲਾਂਕਿ ਲੜਕੀ ਨੇ ਬਾਅਦ ਵਿਚ ਪੁਲਸ ਵਿਚ ਸ਼ਿਕਾਇਤ ਦੇਣ ਤੋਂ ਮਨ੍ਹਾ ਕਰ ਦਿੱਤਾ।
ਕ੍ਰਾਈਮ ਬ੍ਰਾਂਚ ਦੀ ਟੀਮ ਦੇ ਰਹੇ ਹੱਥ ਖਾਲੀ
ਜਬਰ-ਜ਼ਨਾਹ ਮਾਮਲੇ ਵਿਚ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਟ੍ਰੈਫਿਕ ਪਾਰਕ ਅੰਦਰ ਘਟਨਾ ਸਥਾਨ 'ਤੇ ਗਈ। ਪੁਲਸ ਇਕ ਘੰਟੇ ਤਕ ਝਾੜੀਆਂ ਤੇ ਜੰਗਲ ਵਿਚ ਸਬੂਤ ਲੱਭਦੀ ਰਹੀ ਪਰ ਉਸ ਦੇ ਹੱਥ ਕੁਝ ਨਹੀਂ ਲੱਗਾ। ਇਸ 'ਤੇ ਪੁਲਸ ਖਾਲੀ ਹੱਥ ਹੀ ਵਾਪਸ ਚਲੀ ਗਈ।


Related News