ਸਰਕਾਰ ਵੱਲੋਂ ਛੇਤੀ ਲਾਇਆ ਜਾ ਸਕਦੈ ਨਵਾਂ ਪ੍ਰਿੰਸੀਪਲ

06/27/2017 1:44:59 AM

ਅੰਮ੍ਰਿਤਸਰ,  (ਦਲਜੀਤ) -  ਮੈਡੀਕਲ ਕਾਲਜ ਦੇ ਮੌਜੂਦਾ ਪ੍ਰਿੰਸੀਪਲ ਅਤੇ ਰੇਡੀਓਲੋਜੀ ਵਿਭਾਗ ਦੇ ਮੁਖੀ ਡਾ. ਸੋਹਨ ਸਿੰਘ 30 ਜੂਨ ਨੂੰ ਰਿਟਾਇਰ ਹੋਣ ਵਾਲੇ ਹਨ। ਉਨ੍ਹਾਂ ਨੂੰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਬੀ. ਐੱਸ. ਬੱਲ ਦੀ ਥਾਂ 'ਤੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ। ਹੁਣ ਮੈਡੀਕਲ ਕਾਲਜ ਦਾ ਨਵਾਂ ਪ੍ਰਿੰਸੀਪਲ ਕੌਣ ਹੋਵੇਗਾ ਅੱਜ ਕੱਲ ਕਾਲਜ ਵਿਚ ਇਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸਰਕਾਰ ਇਸ ਵਾਰ ਵੀ ਮੈਰਿਟ ਦੇ ਆਧਾਰ 'ਤੇ ਸੀਨੀਆਰਤਾ ਦੇ ਅਨੁਸਾਰ ਹੀ ਕਿਸੇ ਯੋਗ ਵਿਅਕਤੀ ਨੂੰ ਪ੍ਰਿੰਸੀਪਲ ਬਣਾਏਗੀ ਜਾਂ ਫਿਰ ਕਿਸੇ ਸਿਫਾਰਿਸ਼ੀ ਨੂੰ ਇਸ ਅਹੁਦੇ ਉੱਤੇ ਬਿਠਾ ਦਿੱਤਾ ਜਾਵੇਗਾ। ਕਈਆਂ ਨੇ ਆਪਣੇ ਸਿਆਸੀ ਆਕਾਵਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਕਈ ਨੇਤਾਵਾਂ ਦੇ ਪੀ. ਏ. ਟਾਈਪ ਕਰਿੰਦੇ ਡਾਕਟਰਾਂ ਨੂੰ ਆ ਕੇ ਕਹਿ ਰਹੇ ਹਨ ਕਿ ਉਹ ਨੇਤਾ ਜੀ ਨੂੰ ਕਹਿ ਕੇ ਉਨ੍ਹਾਂ ਦਾ ਕੰਮ ਫਿਟ ਕਰਵਾ ਦੇਣਗੇ। 
ਜਾਣਕਾਰੀ ਦੇ ਮੁਤਾਬਕ ਸੀਨੀਆਰਤਾ ਦੀ ਗੱਲ ਕੀਤੀ ਜਾਵੇ ਤਾਂ ਫਾਰਮਾਕਾਲੋਜੀ ਵਿਭਾਗ ਦੇ ਡਾ. ਜਸਵੰਤ ਰਾਏ ਦਾ ਨਾਂ ਸਭ ਤੋਂ ਉੱਤੇ ਆ ਰਿਹਾ ਹੈ ਪਰ ਉਨ੍ਹਾਂ ਦੀ ਸਿਹਤ ਉਨ੍ਹਾਂ ਨੂੰ ਇਸ ਗੱਲ ਲਈ ਆਗਿਆ ਨਹੀਂ ਦਿੰਦੀ ਹੈ ਜਾਂ ਨਹੀਂ ਕਿ ਉਹ ਜ਼ਿਆਦਾ ਤਨਾਅ ਲੈ ਸਕਣ ਕਿਉਂਕਿ ਹਾਲ ਹੀ ਵਿਚ ਉਨ੍ਹਾਂ ਦੀ ਹਾਰਟ ਦੀ ਬਾਈਪਾਸ ਸਰਜਰੀ ਹੋਈ ਹੈ ਅਤੇ ਉਹ ਛੁੱਟੀ ਉੱਤੇ ਚਲ ਰਹੇ ਸਨ ਪਰ ਹੁਣ ਉਨ੍ਹਾਂ ਨੇ ਜੁਆਇਨ ਕਰ ਲਿਆ ਹੈ।  ਉਸ ਦੇ ਬਾਅਦ ਨਾਂ ਆਉਂਦਾ ਹੈ ਮੈਡੀਕਲ ਐਜੂਕੇਸ਼ਨ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਦਾ। ਜਾਣਕਾਰੀ ਦੇ ਮੁਤਾਬਕ 31 ਅਗਸਤ ਨੂੰ ਉਨ੍ਹਾਂ ਦਾ ਡਾਇਰੈਕਟਰ ਦਾ ਅਹੁਦਾ ਖਤਮ ਹੋਣ ਵਾਲਾ ਹੈ ਕਿਉਂਕਿ ਨਿਯਮਾਂ ਦੇ ਮੁਤਾਬਕ 58 ਸਾਲ ਦੀ ਉਮਰ ਦੇ ਬਾਅਦ ਕਿਸੇ ਨੂੰ ਐਡਮਨਿਸਟਰੇਟਿਵ ਦਾ ਕਾਰਜਭਾਰ ਨਹੀਂ ਦਿੱਤਾ ਜਾ ਸਕਦਾ। ਜੇਕਰ ਪ੍ਰਿੰਸੀਪਲ ਕੋਈ ਹੋਰ ਬਣ ਜਾਂਦਾ ਹੈ ਤਾਂ 1 ਸਤੰਬਰ ਤੋਂ ਉਨ੍ਹਾਂ ਨੂੰ ਆਪਣੇ ਕਿਸੇ ਜੂਨੀਅਰ ਹੇਠਾਂ ਕੰਮ ਕਰਨਾ ਪਵੇਗਾ, ਜੋ ਉਨ੍ਹਾਂ ਨੂੰ ਸ਼ਾਇਦ ਪਸੰਦ ਨਹੀਂ ਹੋਵੇਗਾ। 
ਉਥੇ ਹੀ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ ਵਿਭਾਗ ਦੇ ਹੀ ਡਾਇਰੈਕਟਰ ਰਹਿ ਚੁੱਕੇ ਐੱਸ. ਪੀ. ਐੱਮ. ਵਿਭਾਗ ਦੇ ਡਾ. ਤੇਜਵੀਰ ਸਿੰਘ  ਵੀ ਪ੍ਰਿੰਸੀਪਲ ਦੀ ਦੌੜ ਵਿਚ ਸ਼ਾਮਲ ਹੋ ਗਏ ਹਨ। ਉਸ ਦੇ ਬਾਅਦ ਆਰਥੋਪੈਡਿਕ ਵਿਭਾਗ ਦੇ ਮੁਖੀ ਡਾ. ਐੱਚ. ਐੱਸ. ਸੋਹਲ ਦਾ ਨਾਂ ਸਾਹਮਣੇ ਆ ਰਿਹਾ ਹੈ। ਜੇਕਰ ਡਾ. ਸੋਹਲ ਦੀ ਕਿਸਮਤ ਨੇ ਸਾਥ ਦਿੱਤਾ ਤਾਂ ਇਸ ਵਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਉਹੀ ਬਣਨਗੇ ਕਿਉਂਕਿ ਡਾ. ਜਸਵੰਤ ਹੋ ਸਕਦਾ ਹੈ ਕਿ ਆਪਣੀ ਸਿਹਤ ਦਾ ਹਵਾਲਾ ਦੇ ਕੇ ਪ੍ਰਿੰਸੀਪਲ ਬਣਨ ਦੀ ਗੱਲ ਸਵੀਕਾਰ ਨਾ ਕਰਨ ਕਿਉਂਕਿ ਪਿੰ੍ਰਸੀਪਲ ਬਣਨ ਦੇ ਬਾਅਦ ਉਨ੍ਹਾਂ ਦਾ ਕੰਮ ਕਾਫ਼ੀ ਵੱਧ ਜਾਵੇਗਾ ਅਤੇ ਕੰਮ ਦੇ ਸਿਲਸਿਲੇ ਵਿਚ ਉਨ੍ਹਾਂ ਨੂੰ ਚੰਡੀਗੜ੍ਹ ਦੇ ਕਈ ਚੱਕਰ ਕੱਟਣ ਪੈ ਸਕਦੇ ਹਨ। 
ਡਾ. ਸੋਹਨ ਸਿੰਘ  ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ 40 ਦਿਨਾਂ  ਦੇ ਕਾਰਜਕਾਲ ਵਿਚ ਹੀ ਮੈਡੀਕਲ ਕਾਲਜ ਵਿਚ ਬਹੁਤ ਸੁਧਾਰ ਕੀਤਾ ਹੇ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਕੈਥਲੈਬ ਜਲਦੀ ਸ਼ੁਰੂ ਹੋਣ ਜਾ ਰਹੀ ਹੈ। ਐੱਮ. ਆਰ. ਆਈ. ਅਤੇ ਸੀ. ਟੀ. ਸਕੈਨ ਨੂੰ 24 ਘੰਟੇ ਸਹੂਲਤ ਦੇਣ ਲਈ ਸੱਤ ਰੇਡੀਓਗ੍ਰਾਫਰ ਨਿਯੁਕਤ ਹੋ ਚੁੱਕੇ ਹਨ ਜੋ ਜਲਦੀ ਹੀ ਜੁਆਇਨ ਕਰਨਗੇ। ਇਸ ਦੇ ਇਲਾਵਾ ਉਨ੍ਹਾਂ ਨੇ ਕਈ ਮਹੱਤਵਪੂਰਣ ਕੰਮਾਂ ਨੂੰ ਅੰਜਾਮ ਦਿੱਤਾ ਹੈ।  ਉਹ ਮੰਨਦੇ ਹਨ ਕਿ ਉੁਨ੍ਹਾਂ ਨੂੰ ਪ੍ਰਿੰਸੀਪਲ ਦੇ ਤੌਰ ਉੱਤੇ ਕੰਮ ਕਰਨ ਨੂੰ ਘੱਟ ਸਮਾਂ ਮਿਲਿਆ ਪਰ ਫਿਰ ਵੀ ਉਹ ਆਪਣੇ ਕੀਤੇ ਗਏ ਕੰਮ ਤੋਂ ਸੰਤੁਸ਼ਟ ਹਨ। 


Related News