23 ਨੂੰ ਐਲਾਨੀਆਂ ਜਾਣਗੀਆਂ ਨਵੀਆਂ ਬਿਜਲੀ ਦਰਾਂ

10/19/2017 6:29:32 AM

ਚੰਡੀਗੜ੍ਹ  (ਸ਼ਰਮਾ) - ਚਾਲੂ ਵਿੱਤੀ ਸਾਲ ਦੇ ਬਾਕੀ ਬਚੇ ਸਮੇਂ ਲਈ ਨਵੀਆਂ ਬਿਜਲੀ ਦਰਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ 23 ਅਕਤੂਬਰ ਨੂੰ ਐਲਾਨ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਕਮਿਸ਼ਨ ਅਗਲੇ ਦੋ ਸਾਲਾਂ  2018-19 ਤੇ 2019-20 ਲਈ ਵੀ ਬਿਜਲੀ ਦੀਆਂ ਸੰਭਾਵਿਤ ਦਰਾਂ ਮਲਟੀ ਯੀਅਰ ਟੈਰਿਫ਼ ਪ੍ਰਣਾਲੀ ਦੇ ਤਹਿਤ ਐਲਾਨ ਕਰੇਗਾ। ਕਮਿਸ਼ਨ ਨਾਲ ਜੁੜੇ ਸੂਤਰਾਂ ਅਨੁਸਾਰ ਉਦਯੋਗਿਕ ਇਕਾਈਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਪ੍ਰਦਾਨ ਕਰਨ ਦੇ ਸਰਕਾਰ ਦੇ ਐਲਾਨ ਕਾਰਨ ਕਮਿਸ਼ਨ ਪ੍ਰਤੱਖ ਤੌਰ 'ਤੇ ਖਪਤਕਾਰਾਂ 'ਤੇ ਬਿਜਲੀ ਬਿੱਲਾਂ ਦਾ ਭਾਰੀ ਬੋਝ ਨਹੀਂ ਪਾਉਣ ਜਾ ਰਿਹਾ ਪਰ ਬਿਜਲੀ ਦੀਆਂ ਦਰਾਂ ਟੂ ਵੇਅ ਟੈਰਿਫ਼ ਦੇ ਤਹਿਤ ਤੈਅ ਕਰਨ ਕਾਰਨ ਖਪਤਕਾਰਾਂ 'ਤੇ ਅਪ੍ਰਤੱਖ ਤੌਰ 'ਤੇ ਵਿੱਤੀ ਬੋਝ ਪਾਉਣ ਜਾ ਰਿਹਾ ਹੈ। ਅਜੇ ਤੱਕ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਤੋਂ ਉਨ੍ਹਾਂ ਦੀ ਸ਼੍ਰੇਣੀ 'ਤੇ ਲਾਗੂ ਬਿਜਲੀ ਦਰਾਂ ਦੀ ਵਸੂਲੀ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਮਹੀਨਾਵਾਰ ਘੱਟ ਤੋਂ ਘੱਟ ਚਾਰਜ ਦੀ ਵਿਵਸਥਾ ਸੀ। ਮਤਲਬ ਜੇਕਰ ਖਪਤਕਾਰ ਬਿਜਲੀ ਦੀ ਖਪਤ ਨਹੀਂ ਕਰਦਾ ਤਾਂ ਉਸ ਨੂੰ ਘੱਟ ਤੋਂ ਘੱਟ ਤੋਂ ਮਹੀਨਾਵਾਰ ਚਾਰਜ ਦੀ ਅਦਾਇਗੀ ਕਰਨੀ ਹੁੰਦੀ ਸੀ ਪਰ ਕਮਿਸ਼ਨ ਵਲੋਂ ਚਾਲੂ ਵਿੱਤੀ ਸਾਲ ਦੇ ਬਾਕੀ ਸਮੇਂ ਲਈ ਐਲਾਨ ਕੀਤੀਆਂ ਜਾਣ ਵਾਲੀਆਂ ਦਰਾਂ ਦਾ ਟੂ ਵੇਅ ਟੈਰਿਫ਼ ਪ੍ਰਣਾਲੀ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਘੱਟ ਤੋਂ ਘੱਟ ਮਹੀਨਾਵਾਰ ਚਾਰਜ ਦੀ ਅਦਾਇਗੀ ਦੀ ਥਾਂ ਹੁਣ ਖਪਤਕਾਰ ਤੋਂ ਬਿਜਲੀ ਖਪਤ ਤੋਂ ਇਲਾਵਾ ਇਕ ਤੈਅ ਰਾਸ਼ੀ ਫਿਕਸਡ ਚਾਰਜਿਜ਼ ਦੇ ਰੂਪ ਵਿਚ ਵਸੂਲੀ ਜਾਵੇਗੀ। ਬੇਸ਼ੱਕ ਬਿਜਲੀ ਦਰਾਂ ਵਿਚ ਵਾਧਾ ਨਾ ਹੋਵੇ ਜਾਂ ਫਿਰ ਅੰਸ਼ਿਕ ਵਾਧਾ ਹੋਵੇ ਪਰ ਇਸ ਤੈਅ ਚਾਰਜ ਕਰ ਕੇ ਖਪਤਕਾਰਾਂ ਦੇ ਮਹੀਨਾਵਾਰ ਬਿੱਲ ਵਿਚ ਵਾਧੇ ਦੀ ਵੱਡੀ ਸੰਭਾਵਨਾ ਹੈ।


Related News