ਨਵਜੋਤ ਸਿੱਧੂ ਮੰਤਰੀ ਦੇ ਅਹੁਦੇ ਦੇ ਯੋਗ ਨਹੀਂ, ਹਟਾਇਆ ਜਾਵੇ : ਚੰਦੂਮਾਜਰਾ

08/18/2017 4:47:41 AM

ਰੂਪਨਗਰ  (ਵਿਜੇ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਾਮੇਡੀਅਨ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ ਕਿਉਂਕਿ ਉਹ ਇਸ ਦੇ ਯੋਗ ਨਹੀਂ ਤੇ ਹਰ ਜਗ੍ਹਾ ਡਰਾਮੇਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਰੋਹ 'ਚ ਉਨ੍ਹਾਂ ਸਮਾਰੋਹ ਦਾ ਮਜ਼ਾਕ ਉਡਾਇਆ, ਜਦੋਂਕਿ ਕਾਰਵਾਈ ਇਕ ਪੁਲਸ ਅਧਿਕਾਰੀ 'ਤੇ ਕੀਤੀ ਗਈ। ਉਨ੍ਹਾਂ ਸੁਪਰੀਮ ਕੋਰਟ ਵੱਲੋਂ 1984 ਦੇ ਸਬੰਧ 'ਚ ਬੰਦ ਪਏ 241 ਕੇਸਾਂ ਦੀ ਦੁਬਾਰਾ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਵਾਗਤ ਕੀਤਾ ਤੇ ਕਿਹਾ ਕਿ 1984 'ਚ ਜਦੋਂ ਸਿੱਖਾਂ ਵਿਰੁੱਧ ਦੰਗਾ ਹੋਇਆ ਤਾਂ ਪੁਲਸ ਕਾਰਵਾਈ ਕਰਨ 'ਚ ਅਸਮਰੱਥ ਸੀ, ਇਸ ਲਈ ਉਸ ਸਮੇਂ ਦੇ ਡੀ. ਜੀ. ਪੀ. ਤੇ ਸਬੰਧਤ ਉੱਚ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।
ਚੰਦੂਮਾਜਰਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਕੇਂਦਰ ਨੇ ਪਹਾੜੀ ਸੂਬਿਆਂ ਲਈ ਜੀ. ਐੱਸ. ਟੀ. ਰੀਫੰਡ ਯੋਜਨਾ ਜਾਰੀ ਕੀਤੀ ਹੈ, ਉਸੇ ਤਰਜ਼ 'ਤੇ ਪੰਜਾਬ ਲਈ ਵੀ ਇਹ ਯੋਜਨਾ ਸ਼ੁਰੂ ਕੀਤੀ ਜਾਵੇ ਕਿਉਂਕਿ ਪੰਜਾਬ ਵੀ ਇਕ ਸਰਹੱਦੀ ਸੂਬਾ ਹੈ। ਪੰਜਾਬ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਜੀ. ਐੱਸ. ਟੀ. ਰੀਫੰਡ ਯੋਜਨਾ ਲਾਗੂ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੌਕਰੀ ਦੇ ਨਾਂ 'ਤੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਹਾਲੇ ਤੱਕ ਸਰਕਾਰ ਨੇ ਇਕ ਨੌਕਰੀ ਦਿੱਤੀ ਹੈ, ਉਹ ਵੀ ਬੇਅੰਤ ਸਿੰਘ ਦੇ ਪੋਤੇ ਨੂੰ ਡੀ. ਐੱਸ. ਪੀ. ਨਿਯੁਕਤ ਕੀਤਾ ਹੈ।
ਕਿਸਾਨਾਂ ਲਈ ਇਕ ਖਾਸ ਰਾਹਤ ਕੋਸ਼ ਬਣਾਇਆ ਜਾਵੇ। ਉਨ੍ਹਾਂ ਰੇਲਵੇ ਦੇ ਡੀ. ਆਰ. ਐੱਮ. ਅੰਬਾਲਾ ਨੂੰ ਕਿਹਾ ਕਿ ਰੂਪਨਗਰ 'ਚ ਜਨ ਸ਼ਤਾਬਦੀ, ਹਿਮਾਚਲ ਐਕਸਪ੍ਰੈੱਸ ਆਦਿ ਸਾਰੀਆਂ ਗੱਡੀਆਂ ਨੂੰ ਇਕ ਨੰਬਰ ਪਲੇਟਫਾਰਮ 'ਤੇ ਲਿਆਂਦਾ ਜਾਵੇ ਤਾਂ ਕਿ ਲੋਕਾਂ ਨੂੰ ਚੜ੍ਹਨ ਤੇ ਉਤਰਨ 'ਚ ਪ੍ਰੇਸ਼ਾਨੀ ਨਾ ਹੋਵੇ।


Related News