ਕੈਪਟਨ ਸਰਕਾਰ ਨੌਜਵਾਨਾਂ ਲਈ ਤਿਆਰ ਕਰੇਗੀ ''ਯੂਥ ਪਾਲਿਸੀ'' : ਸਿੱਧੂ

01/17/2018 6:38:31 PM

ਬਟਾਲਾ (ਚਾਵਲਾ, ਸੈਂਡੀ, ਕਲਸੀ, ਸਾਹਿਲ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੁੱਧਵਾਰ ਨੂੰ ਬਟਾਲਾ ਪੁੱਜੇ ਜਿਥੇ ਉਨ੍ਹਾਂ ਨੇ ਵੱਖ-ਵੱਖ ਕਾਲਜਾਂ 'ਚ ਚੱਲ ਰਹੇ ਯੂਥ ਫੈਸਟੀਵਲ ਪ੍ਰੋਗਰਾਮਾਂ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸਿੱਧੂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਦੀ ਸਰਕਾਰ 3-4 ਮਹੀਨਿਆਂ ਅੰਦਰ ਨੌਜਵਾਨਾਂ ਲਈ ਵਿਸ਼ੇਸ਼ ਯੂਥ ਪਾਲਿਸੀ ਤਿਆਰ ਕਰੇਗੀ ਤਾਂ ਜੋ ਨੌਜਵਾਨਾਂ ਦਾ ਭਵਿੱਖ ਸੁਧਾਰਿਆ ਜਾ ਸਕੇ। ਇਸਤੋਂ ਇਲਾਵਾ ਨਵਜੋਤ ਸਿੱਧੂ ਨੇ ਅਨਿਲ ਜੋਸ਼ੀ ਤੇ ਹਰਸਿਮਰਤ ਕੌਰ ਬਾਦਲ 'ਤੇ ਵੀ ਸ਼ਬਦੀ ਹਮਲੇ ਕੀਤੇ।
ਸਿੱਧੂ ਨੇ ਕਿਹਾ ਕਿ ਅੰਕੜਿਆਂ ਮੁਤਾਬਕ ਪੰਜਾਬ ਵਿੱਚ 58 ਫੀਸਦੀ ਅਬਾਦੀ ਨੌਜਵਾਨਾਂ ਦੀ ਹੈ ਅਤੇ ਪਰ ਅਜੇ ਤੱਕ ਨੌਜਵਾਨਾਂ ਲਈ ਕੋਈ ਨੀਤੀ ਨਹੀਂ ਬਣੀ ਹੈ ਜੋ ਕਿ ਹੈਰਾਨੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਆਪਣੇ ਨੌਜਵਾਨਾਂ ਲਈ ਯੂਥ ਪਾਲਿਸੀ ਬਣਾਈ ਹੋਈ ਹੈ ਇਥੋਂ ਤੱਕ ਪਾਕਿਸਤਾਨੀ ਪੰਜਾਬ ਦੀ ਵੀ ਯੂਥ ਪਾਲਿਸੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਯੂਥ ਪਾਲਿਸੀ ਤਾਂ ਕੀ ਬਣਾਉਣੀ ਸੀ ਬਲਕਿ ਉਨ੍ਹਾਂ ਇਸ ਬਾਰੇ ਸੋਚਿਆ ਤੱਕ ਵੀ ਨਹੀਂ ਸੀ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀ ਨੌਜਵਾਨੀ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਲਈ ਪੂਰੀ ਤਰਾਂ ਸੁਹਿਰਦ ਹੈ ਅਤੇ ਸਰਕਾਰ ਵੱਲੋਂ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ 'ਯੂਥ ਪਾਲਿਸੀ' ਤਿਆਰ ਕੀਤੀ ਜਾ ਰਹੀ ਹੈ।


Related News