ਅਦਾਲਤ ''ਚ ਪਹੁੰਚੀ ਸਿੱਧੂ ਤੇ ਫਾਸਟ ਵੇਅ ਕੰਪਨੀ ਦੀ ਲੜਾਈ

08/18/2017 7:46:36 PM

ਲੁਧਿਆਣਾ (ਹਿਤੇਸ਼) : ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੇ ਫਾਸਟ ਵੇਅ ਕੰਪਨੀ ਦੇ ਮਾਲਕਾਂ ਵਿਚਕਾਰ ਕਈ ਮੋਰਚਿਆਂ 'ਤੇ ਚੱਲ ਰਹੀ ਲੜਾਈ ਹੁਣ ਕੋਰਟ ਪਹੁੰਚ ਗਈ ਹੈ। ਜਿਸ ਤਹਿਤ ਫਿਰੋਜ਼ਪੁਰ ਰੋਡ 'ਤੇ ਸਥਿਤ ਮਾਲ ਵਿਚ ਹੋਏ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਲਈ ਨਗਰ-ਨਿਗਮ ਵੱਲੋਂ ਜਾਰੀ ਨੋਟਿਸ ਨੂੰ ਪ੍ਰਬੰਧਕਾਂ ਨੇ ਹੇਠਲੀ ਅਦਾਲਤ ਵਿਚ ਚੈਲੇਂਜ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਵੀਰਵਾਰ ਨੂੰ ਸੁਣਵਾਈ ਹੋਣ ਦੀ ਸੂਚਨਾ ਹੈ। ਇਸ ਮਾਮਲੇ ਵਿਚ ਵਿਧਾਇਕ ਬੈਂਸ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਸਿੱਧੂ ਨੇ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹੋਏ ਹਨ, ਜਿਸ ਕਾਰਨ ਨਿਗਮ ਅਫਸਰਾਂ ਦੀ ਟੀਮ ਨੇ ਸ਼ਨੀਵਾਰ ਨੂੰ ਮੌਕੇ 'ਤੇ ਜਾ ਕੇ ਪੈਮਾਇਸ਼ ਕੀਤੀ ਤਾਂ ਸਭ ਤੋਂ ਉਪਰਲੀ ਮੰਜ਼ਿਲ 'ਤੇ ਸ਼ੈੱਡ ਦੇ ਰੂਪ ਵਿਚ ਹੋਏ ਨਿਰਮਾਣ ਨੂੰ ਤੈਅ ਨਿਯਮਾਂ ਤੋਂ ਵੱਧ ਹੋਣ ਕਾਰਨ ਨਾਜਾਇਜ਼ ਕਰਾਰ ਦੇ ਦਿੱਤਾ, ਜਿਸ ਨੂੰ ਸੀਲ ਕਰਨ ਤੋਂ ਪਹਿਲਾਂ ਤਿੰਨ ਦਿਨ ਦਾ ਨੋਟਿਸ ਦਿੱਤਾ ਗਿਆ ਹੈ ਕਿ ਵਾਧੂ ਜਗ੍ਹਾ ਵਿਚ ਬਣੇ ਰੈਸਟੋਰੈਂਟ ਨੂੰ ਖੁਦ ਹਟਾ ਲਿਆ ਜਾਵੇ।
ਇਹ ਨੋਟਿਸ ਮਿਲਦੇ ਹੀ ਮਾਲ ਪ੍ਰਬੰਧਕਾਂ ਨੇ ਕੋਰਟ ਦਾ ਰੁਖ ਕਰ ਲਿਆ ਅਤੇ ਨਿਗਮ ਦੀ ਪ੍ਰਸਤਾਵਿਤ ਕਾਰਵਾਈ ਨੂੰ ਚੈਲੇਂਜ ਕੀਤਾ ਹੈ। ਉਨ੍ਹਾਂ 'ਤੇ ਸਿਆਸੀ ਬਦਲੇ ਦੀ ਭਾਵਨਾ ਨਾਲ ਕਾਰਵਾਈ ਦੀ ਤਿਆਰੀ ਚਲ ਰਹੀ ਹੈ, ਜਿਸ ਨੂੰ ਲੈ ਕੇ ਕੋਰਟ ਨੇ ਨਿਗਮ ਨੂੰ ਵੀਰਵਾਰ ਨੂੰ ਪੱਖ ਰੱਖਣ ਲਈ ਕਿਹਾ ਹੈ।
ਦੇਰ ਸ਼ਾਮ ਤੱਕ ਹੁੰਦੀ ਰਹੀ ਰਿਕਾਰਡ ਦੀ ਚੈਕਿੰਗ
ਨਾਜਾਇਜ਼ ਨਿਰਮਾਣ ਦੇ ਇਲਾਵਾ ਬੈਂਸ ਨੇ ਨਿਗਮ ਤੋਂ ਨਿਲਾਮੀ ਰਾਹੀਂ ਮਾਲ ਦੀ ਜਗ੍ਹਾ ਖਰੀਦਣ ਵਿਚ ਵੀ ਧਾਂਦਲੀ ਹੋਣ ਦਾ ਦੋਸ਼ ਲਾਇਆ ਹੈ। ਜਿਸ 'ਤੇ ਸਰਕਾਰ ਨੇ ਸਾਰਾ ਰਿਕਾਰਡ ਤਲਬ ਕਰ ਲਿਆ। ਜਿਸਦੀ ਐਡੀਸ਼ਨਲ ਚੀਫ ਸੈਕਟਰੀ ਸਤੀਸ਼ ਚੰਦਰਾ ਦੀ ਮੌਜੂਦਗੀ ਵਿਚ ਦੇਰ ਸ਼ਾਮ ਤੱਕ ਚੈਕਿੰਗ ਹੁੰਦੀ ਰਹੀ। ਉਸ ਵਿਚ ਇੰਪਰੂਵਮੈਂਟ ਟਰੱਸਟ ਤੋਂ ਜਗ੍ਹਾ ਟਰਾਂਸਫਰ ਹੋਣ ਤੋਂ ਲੈ ਕੇ ਬੋਲੀ ਤੇ ਐਗਰੀਮੈਂਟ ਤੇ ਰਜਿਸਟਰੀ ਹੋਣ ਤੱਕ ਦੇ ਸਾਰੇ ਪਹਿਲੂ ਚੈੱਕ ਕੀਤੇ ਗਏ। ਇਸੇ ਤਰ੍ਹਾਂ ਨਿਰਮਾਣ ਲਈ ਨਕਸ਼ਾ ਪਾਸ਼ ਕਰਵਾਉਣ ਦੀ ਪ੍ਰਕਿਰਿਆ ਦੀ ਵੀ ਜਾਂਚ ਹੋਈ। ਉਸ ਵਿਚ ਜੇਕਰ ਕਿਤੇ ਨਿਯਮਾਂ ਵਿਚ ਛੋਟ ਹੋਣ ਦੀ ਗੱਲ ਸਾਹਮਣੇ ਆਈ ਤਾਂ ਜ਼ਿੰਮੇਦਾਰ ਅਫਸਰਾਂ 'ਤੇ ਕਾਰਵਾਈ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਨੋਟਿਸ ਦੇਣ ਨੂੰ ਲੈ ਕੇ ਪ੍ਰੇਸ਼ਾਨੀ
ਨਿਗਮ ਅਫਸਰਾਂ ਨੇ ਮਾਲ ਦੀ ਸਭ ਤੋਂ ਉਪਰਲੀ ਮੰਜ਼ਿਲ 'ਤੇ ਹੋਏ ਨਿਰਮਾਣ ਨੂੰ ਨਾਜਾਇਜ਼ ਤਾਂ ਸ਼ਨੀਵਾਰ ਨੂੰ ਹੀ ਕਰਾਰ ਦੇ ਦਿੱਤਾ ਸੀ ਪਰ ਐਤਵਾਰ ਨੂੰ ਪੂਰੀ ਫੋਰਸ ਦੇ ਨਾਲ ਉਥੇ ਜਾਣ ਸਮੇਂ ਮਾਲ ਤੋਂ ਦੂਰੀ ਬਣਾਈ ਰੱਖੀ।
ਦੱਸਿਆ ਜਾਂਦਾ ਹੈ ਕਿ ਨਾਜਾਇਜ਼ ਨਿਰਮਾਣ ਦੇ ਹਿੱਸੇ 'ਤੇ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਦੇਣ ਜਾਂ ਨਾ ਦੇਣ ਨੂੰ ਲੈ ਕੇ ਹੀ ਦੋ ਦਿਨ ਤੱਕ ਪ੍ਰੇਸ਼ਾਨੀ ਹੁੰਦੀ ਰਹੀ। ਕਿਉਂਕਿ ਸਿੱਧੂ ਚਾਹੁੰਦੇ ਸਨ ਕਿ ਬਿਨਾਂ ਨੋਟਿਸ ਦੇ ਹੀ ਕਾਰਵਾਈ ਕੀਤੀ ਜਾਵੇ ਜਦ ਕਿ ਅਫਸਰਾਂ ਨੇ ਲੀਗਲ ਰਾਏ ਲੈ ਕੇ ਪਹਿਲਾਂ ਨੋਟਿਸ ਜਾਰੀ ਕਰਨ ਦਾ ਵੀ ਦਬਾਅ ਬਣਾਇਆ।
15 ਅਗਸਤ ਨੂੰ ਗ੍ਰੀਨ ਬੈਲਟ ਦੀ ਜਗ੍ਹਾ 'ਚ ਫਿਰ ਹੋਈ ਅਧੂਰੀ ਕਾਰਵਾਈ
ਮਾਲ ਨਾਲ ਜੁੜੇ ਵਿਵਾਦ ਵਿਚ ਇਕ ਮਾਮਲਾ ਨਾਲ ਲੱਗਦੀ ਗ੍ਰੀਨ ਬੈਲਟ ਦਾ ਵੀ ਹੈ। ਜਿਥੇ ਪਾਰਕਿੰਗ ਬਣਾਈ ਗਈ ਸੀ। ਜਿਸ ਦੀਆਂ ਟਾਈਲਾਂ ਉਖਾੜਨ ਲਈ ਸ਼ਨੀਵਾਰ ਸ਼ਾਮ ਨੂੰ ਕੀਤੀ ਗਈ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਅਫਸਰਾਂ ਨੇ ਦੇਰ ਰਾਤ ਉਥੇ ਇਕ ਫੁੱਟਪਾਥ ਤੋੜਨ ਦੀ ਕਾਰਵਾਈ ਕੀਤੀ। ਉਸ ਨੂੰ ਲੈ ਕੇ ਖਿਚਾਈ ਹੋਣ 'ਤੇ 15 ਅਗਸਤ ਨੂੰ ਸਟਾਫ ਫਿਰ ਮੌਕੇ 'ਤੇ ਪਹੁੰਚਿਆ ਅਤੇ ਉਥੇ ਬੂਟੇ ਲਾਉਣ ਦੇ ਨਾਂ 'ਤੇ ਕਾਰਵਾਈ ਕੀਤੀ। ਜਿਸ ਦਾ ਪ੍ਰਬੰਧਕਾਂ ਨੇ ਵਿਰੋਧ ਕੀਤਾ ਤਾਂ ਮੁਲਾਜ਼ਮ ਇਕ ਵਾਰ ਫਿਰ ਉਸੇ ਜਗ੍ਹਾ ਵਿਚ ਟੋਏ ਪੁੱਟ ਕੇ ਵਾਪਸ ਪਰਤ ਆਏ।
ਫਰੈਂਡਲੀ ਮੈਚ ਨੂੰ ਲੈ ਕੇ ਲੱਗੀ ਫਿਟਕਾਰ
'ਜਗ ਬਾਣੀ' ਨੇ ਪਹਿਲੇ ਹੀ ਦਿਨ ਖੁਲਾਸਾ ਕਰ ਦਿੱਤਾ ਸੀ ਕਿ ਕਾਰਵਾਈ ਨੂੰ ਲੈ ਕੇ ਮਾਲ ਪ੍ਰਬੰਧਕਾਂ ਤੇ ਨਿਗਮ ਅਫਸਰਾਂ ਵਿਚਕਾਰ ਫਰੈਂਡਲੀ ਮੈਚ ਚਲ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਸਵੇਰੇ ਹੀ ਸਿੱਧੂ ਦੇ ਆਦੇਸ਼ ਮਿਲਣ ਦੇ ਬਾਵਜੂਦ ਮੌਕੇ 'ਤੇ ਜਾਣ ਵਿਚ ਕਈ ਘੰਟੇ ਲਾ ਦਿੱਤੇ। ਜਿਸ ਦੀ ਸੂਚਨਾ ਵੀ ਪਹਿਲਾਂ ਹੀ ਲੋਕਾਂ ਨੂੰ ਹੋ ਗਈ ਅਤੇ ਮਾਲ ਪ੍ਰਬੰਧਕਾਂ ਨੇ ਅਕਾਲੀ ਨੇਤਾਵਾਂ ਨੂੰ ਆਪਣੇ ਸਮਰਥਨ ਵਿਚ ਉਥੇ ਇਕੱਠਾ ਕਰ ਲਿਆ।  ਜਿਨ੍ਹਾਂ ਦੇ ਵਿਰੋਧ ਦਾ ਹਵਾਲਾ ਦਿੰਦੇ ਹੋਏ ਨਿਗਮ ਅਫਸਰਾਂ ਨੇ ਕਾਰਵਾਈ ਕੀਤੇ ਬਿਨਾਂ ਬੇਰੰਗ ਪਰਤਣ ਦਾ ਨਾਟਕ ਕੀਤਾ। ਇਥੋਂ ਤੱਕ ਕਿ ਮਾਲ ਪ੍ਰਬੰਧਕਾਂ ਨਾਲ ਕਾਰ ਵਿਚ ਬੈਠ ਕੇ ਗੱਲਬਾਤ ਵੀ ਕੀਤੀ। ਜਿਸ ਬਾਰੇ ਛਪੀ ਫੋਟੋ 'ਤੇ ਖਬਰ ਦਿਖਾ ਕੇ ਸਿੱਧੂ ਨੇ ਅਫਸਰਾਂ ਨੂੰ ਝਾੜ ਪਾਈ ਤਾਂ ਅਫਸਰਾਂ ਕੋਲ ਕੋਈ ਜਵਾਬ ਨਹੀਂ ਸੀ।


Related News