ਸੁਖਬੀਰ ਦੇ ਬਿਆਨ ''ਤੇ ਬੋਲੀ ਨਵਜੋਤ ਕੌਰ, ''ਅਕਾਲੀਆਂ ਨਾਲ ਮਿਲ ਕੇ ਚੋਣ ਨਹੀਂ ਲੜਾਂਗੀ''

02/10/2016 1:01:44 PM

ਅੰਮ੍ਰਿਤਸਰ : ਭਾਜਪਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਲੀਡਰਸ਼ਿਪ ਨਾਲ ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ ਨਵਜੋਤ ਕੌਰ ਸਿੱਧੂ ਦਾ ਪ੍ਰਤੀਕਰਮ ਆ ਗਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਜੇਕਰ ਪਾਰਟੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਹੈ ਤਾਂ ਉਹ ਪਾਰਟੀ ਦੀ ਟਿਕਟ ''ਤੇ ਚੋਣ ਨਹੀਂ ਲੜੇਗੀ। 
ਨਵਜੋਤ ਕੌਰ ਨੇ ਕਿਹਾ ਕਿ ਉਹ ਚੋਣ ਜ਼ਰੂਰ ਲੜਨਗੇ ਪਰ ਇਹ ਸਮਾਂ ਦੱਸੇਗਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਮੈਦਾਨ ''ਚ ਉਤਰਨਗੇ ਜਾਂ ਫਿਰ ਕੋਈ ਹੋਰ ਸਿਆਸੀ ਬਦਲ ਵਲ ਜਾਣਗੇ। 
ਅੰਮ੍ਰਿਤਸਰ ਵਿਖੇ ''ਜਗਬਾਣੀ'' ਨਾਲ ਗੱਲਬਾਤ ਦੌਰਾਨ ਨਵਜੋਤ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਨਾਲ ਮਿਲ ਕੇ ਚੋਣ ਨਾ ਲੜਨ ਦੇ ਆਪਣੇ ਸਟੈਂਡ ''ਤੇ ਕਾਇਮ ਹਨ ਕਿਉਂਕਿ ਅਕਾਲੀ ਦਲ ਦੇ ਰਾਜ ''ਚ ਸੂਬੇ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਕਦਰ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਾਲੇ ਬੈਠਕ ਹੋਈ ਸੀ, ਇਸ ਬੈਠਕ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸੂਬੇ ''ਚ ਭਾਜਪਾ ਅਤੇ ਅਕਾਲੀ ਦਲ ਮਿਲ ਕੇ ਚੋਣ ਲੜਨਗੇ।


Babita Marhas

News Editor

Related News