ਏ. ਟੀ. ਐੱਮਜ਼ ''ਚ ਕੈਸ਼ ਨਾ ਹੋਣ ਕਾਰਨ ਲੋਕਾਂ ''ਚ ਮਚੀ ਹਾਹਾਕਾਰ

12/12/2017 1:09:52 AM

ਫਿਰੋਜ਼ਪੁਰ(ਕੁਮਾਰ)—ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਨੂੰ ਵਿਕਸਿਤ ਕਰਨ ਅਤੇ ਡਿਜੀਟਲ ਇੰਡੀਆ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਛੋਟਾ-ਵੱਡਾ ਹਰ ਲੈਣ-ਦੇਣ ਬੈਂਕ ਰਾਹੀਂ ਹੋਵੇ। ਪ੍ਰਧਾਨ ਮੰਤਰੀ ਨੇ ਕਾਲਾ ਬਾਜ਼ਾਰੀ, ਰਿਸ਼ਵਤਖੋਰੀ ਖਤਮ ਕਰਨ ਅਤੇ ਦੇਸ਼ 'ਚੋਂ ਗਰੀਬੀ ਖਤਮ ਕਰਨ ਦਾ ਦਾਅਵਾ ਕਰਦਿਆਂ ਦੇਸ਼ ਵਿਚ ਪਹਿਲਾਂ ਨੋਟਬੰਦੀ ਕੀਤੀ ਤੇ ਉਸ ਤੋਂ ਬਾਅਦ ਦੇਸ਼ ਵਿਚ ਜੀ. ਐੱਸ. ਟੀ. ਲਾਗੂ ਕੀਤਾ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਬੇਸ਼ੱਕ ਇਹ ਸਭ ਕੁਝ ਦੇਸ਼ ਦੇ ਭਲੇ ਲਈ ਹੈ ਪਰ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡੀ ਸਰਕਾਰ ਜਾਂ ਬੈਂਕਾਂ ਨੇ ਉਚਿਤ ਸਮੇਂ ਵਿਚ ਤਿਆਰੀ ਨਹੀਂ ਕੀਤੀ, ਜਿਸ ਕਾਰਨ ਦੇਸ਼ ਦੇ ਲੋਕਾਂ ਨੂੰ ਜਿਥੇ ਵੱਡੀਆਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ, ਉਥੇ ਹੀ ਪਹਿਲਾਂ ਦੇਸ਼ ਦੇ ਰੁਜ਼ਗਾਰ, ਵਪਾਰ ਅਤੇ ਆਰਥਿਕ ਵਿਵਸਥਾ 'ਤੇ ਬੁਰਾ ਅਸਰ ਪਿਆ ਅਤੇ ਲੱਖਾਂ-ਕਰੋੜਾਂ ਲੋਕ ਬੇਰੁਜ਼ਗਾਰ ਹੋਏ। ਇਸ ਸਭ ਕੁਝ ਲਈ ਲੋਕਾਂ ਨੂੰ ਸਰਕਾਰੀ ਦਫਤਰਾਂ, ਸੇਲ ਟੈਕਸ ਤੇ ਇਨਕਮ ਟੈਕਸ ਆਦਿ ਵਿਭਾਗਾਂ ਦੇ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਫਿਰੋਜ਼ਪੁਰ ਸ਼ਹਿਰ ਵਿਚ 10 ਦਸੰਬਰ ਨੂੰ ਸਾਰੀਆਂ ਬੈਂਕਾਂ ਦੇ ਏ. ਟੀ. ਐੱਮ. ਵਿਚ ਕੈਸ਼ ਨਹੀਂ ਸੀ ਅਤੇ ਕਈ ਬੈਂਕਾਂ ਦੇ ਏ. ਟੀ. ਐੱਮ. ਬੰਦ ਸਨ ਅਤੇ ਕਈ ਆਊਟ ਆਫ ਆਰਡਰ ਹੋਣ ਕਾਰਨ ਲੋਕਾਂ ਨੂੰ ਕੈਸ਼ ਨਹੀਂ ਮਿਲਿਆ। 
ਕੀ ਕਹਿੰਦੇ ਨੇ ਬੁੱਧੀਜੀਵੀ ਤਪਿੰਦਰ ਸ਼ਰਮਾ 
ਫਿਰੋਜ਼ਪੁਰ ਦੇ ਬੁੱਧੀਜੀਵੀ ਐੱਨ. ਜੀ. ਓ. ਤਪਿੰਦਰ ਸ਼ਰਮਾ ਨੇ ਕਿਹਾ ਕਿ ਡਿਜੀਟਲ ਇੰਡੀਆ ਤਹਿਤ ਦੇਸ਼ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਨਾਂ ਪ੍ਰੇਸ਼ਾਨੀ ਦੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਐਤਵਾਰ ਨੂੰ ਆਪਣੇ ਏ. ਟੀ. ਐੱਮ. ਬੰਦ ਰੱਖਦਾ ਹੈ ਜਾਂ ਏ. ਟੀ. ਐੱਮ. ਖੁੱਲ੍ਹੇ ਹਨ ਤੇ ਉਨ੍ਹਾਂ ਵਿਚ ਕੈਸ਼ ਨਹੀਂ ਜਾਂ ਏ. ਟੀ. ਐੱਮ. ਆਊਟ ਆਫ ਆਰਡਰ ਹਨ ਤਾਂ ਕਿਵੇਂ ਸਾਡਾ ਦੇਸ਼ ਡਿਜੀਟਲ ਇੰਡੀਆ ਬਣੇਗਾ। ਉਨ੍ਹਾਂ ਕਿਹਾ ਕਿ ਆਪਣੇ ਹੀ ਅਕਾਊਂਟ ਵਿਚ ਪੈਸੇ ਕਢਵਾਉਣ ਲਈ ਅਸੀਂ ਕਈ ਏ. ਟੀ. ਐੱਮ. 'ਤੇ ਗਏ ਅਤੇ ਕਿਤੋਂ ਵੀ ਸਾਨੂੰ ਕੈਸ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਰੇ ਬੈਂਕਾਂ ਦੇ ਏ. ਟੀ. ਐੱਮ. 24 ਘੰਟੇ ਖੁੱਲ੍ਹੇ ਰਹਿਣੇ ਚਾਹੀਦੇ ਹਨ ਅਤੇ ਹਰੇਕ ਏ. ਟੀ. ਐੱਮ. ਵਿਚ ਕੈਸ਼ ਹੋਣਾ ਚਾਹੀਦਾ ਹੈ। 
ਲੋਕ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ 
ਬੈਂਕਾਂ ਵਿਚ ਐਤਵਾਰ ਦੀ ਛੁੱਟੀ ਹੋਣ ਕਾਰਨ ਫਿਰੋਜ਼ਪੁਰ ਸ਼ਹਿਰ ਵਿਚ ਲੋਕ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਵੱਖ-ਵੱਖ ਏਰੀਏ ਦੇ ਚੱਕਰ ਕੱਟਦੇ ਰਹੇ ਅਤੇ ਜਿਸ ਏ. ਟੀ. ਐੱਮ. ਵਿਚ ਜਾਂਦੇ, ਉਥੇ ਕੈਸ਼ ਕਢਵਾਉਣ ਦੀ ਪ੍ਰਕਿਰਿਆ ਨੂੰ ਅਪਣਾਉਂਦੇ 10-15 ਮਿੰਟ ਖਰਾਬ ਕਰ ਕੇ ਦੂਸਰੇ ਏ. ਟੀ. ਐੱਮ. 'ਤੇ ਚਲੇ ਜਾਂਦੇ ਅਤੇ ਉਥੇ ਵੀ ਕੈਸ਼ ਨਾ ਹੋਣ ਕਾਰਨ ਉਨ੍ਹਾਂ ਨੂੰ ਮਾਯੂਸ ਹੋ ਕੇ ਵਾਪਸ ਮੁੜਨਾ ਪਿਆ।
ਕੀ ਕਹਿਣਾ ਹੈ ਮਾਹੀ ਅਤੇ ਉਨ੍ਹਾਂ ਦੇ ਦੋਸਤ ਦਾ
ਆਈ. ਸੀ. ਆਈ. ਸੀ. ਆਈ. ਬੈਂਕ ਫਿਰੋਜ਼ਪੁਰ ਸ਼ਹਿਰ ਦੇ ਏ. ਟੀ. ਐੱਮ. ਵਿਚ ਕੈਸ਼ ਕਢਵਾਉਣ ਆਏ ਮਾਹੀ ਅਤੇ ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਉਹ 7 ਏ. ਟੀ. ਐੱਮਜ਼ 'ਚੋਂ ਕੈਸ਼ ਕਢਵਾਉਣ ਲਈ ਜਾ ਚੁੱਕੇ ਹਨ ਪਰ ਉਨ੍ਹਾਂ ਨੂੰ ਕਿਤੋਂ ਵੀ ਕੈਸ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ ਜੇਕਰ ਇਹ ਡਿਜੀਟਲ ਇੰਡੀਆ ਹੈ ਤਾਂ ਸਾਨੂੰ ਦੁੱਖ ਹੁੰਦਾ ਹੈ, ਅਜਿਹੇ ਡਿਜੀਟਲ ਇੰਡੀਆ ਨੂੰ ਦੇਖ ਕੇ। 
ਔਰਤਾਂ ਵੀ ਹੋਈਆਂ ਪ੍ਰੇਸ਼ਾਨ 
ਫਿਰੋਜ਼ਪੁਰ ਸ਼ਹਿਰ ਵਿਚ ਕਈ ਲੜਕੀਆਂ ਤੇ ਔਰਤਾਂ ਵੀ ਬੈਂਕਾਂ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਲਈ ਵੱਖ-ਵੱਖ ਏਰੀਏ ਵਿਚ ਚੱਕਰ ਲਾਉਂਦੀਆਂ ਦੇਖੀਆਂ ਗਈਆਂ। ਉਨ੍ਹਾਂ ਦਾ ਮੰਨਣਾ ਸੀ ਕਿ ਏ. ਟੀ. ਐੱਮ. ਵਿਚ ਪੈਸੇ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਸੀ। 


Related News