ਪ੍ਰਧਾਨ ਮੰਤਰੀ ਦੀ ਰੈਲੀ ਤੇ ਸੰਗਤ ਦਰਸ਼ਨ ਲਈ ਮੁਹੱਈਆ ਕਰਵਾਈਆਂ ਗੱਡੀਆਂ ਦੇ 24 ਲੱਖ ਰੁਪਏ ਲਟਕੇ

11/19/2017 6:35:22 AM

ਬਠਿੰਡਾ(ਸੁਖਵਿੰਦਰ)-ਬਠਿੰਡਾ 'ਚ 2016 ਦੌਰਾਨ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਅਤੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸੰਗਤ ਦਰਸ਼ਨਾਂ ਲਈ ਗੱਡੀਆਂ ਮੁਹੱਈਆ ਕਰਵਾਉਣ ਵਾਲੀ ਇਕ ਟੂਰ ਅਤੇ ਟਰੈਵਲ ਕੰਪਨੀ ਦੇ 24 ਲੱਖ ਰੁਪਏ ਲਟਕ ਗਏ ਹਨ। ਫੰਡਾਂ ਦੀ ਘਾਟ ਕਾਰਨ ਜ਼ਿਲਾ ਪ੍ਰਸ਼ਾਸਨ ਉਕਤ ਟਰੈਵਲ ਕੰਪਨੀ ਨੂੰ ਅਜੇ ਤੱਕ ਪੇਮੈਂਟ ਨਹੀਂ ਕਰ ਸਕਿਆ। ਟਰੈਵਲ ਕੰਪਨੀ ਦਾ ਸੰਚਾਲਕ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟਣ ਨੂੰ ਮਜਬੂਰ ਹੈ ਪਰ ਉਸ ਨੂੰ ਕੁਝ ਹਾਸਲ ਨਹੀਂ ਹੋ ਰਿਹਾ। ਬਠਿੰਡਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਟੂਰ ਐਂਡ ਟਰੈਵਲ ਕੰਪਨੀ ਦੇ ਸੰਚਾਲਕ ਪ੍ਰਿਥੀ ਰਾਮ ਬਾਂਸਲ ਨੇ ਦੱਸਿਆ ਕਿ ਉਹ ਕਿਰਾਏ 'ਤੇ ਗੱਡੀਆਂ ਆਦਿ ਭੇਜਦਾ ਹੈ। ਉਸ ਨੇ ਦੱਸਿਆ ਕਿ ਉਸ ਨੇ 2016 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ 'ਚ ਹੋਈ ਰੈਲੀ ਲਈ ਗੱਡੀਆਂ ਮੁਹੱਈਆ ਕਰਵਾਈਆਂ ਸਨ। ਉਸ ਨੇ 21 ਨਵੰਬਰ, 2016 ਤੋਂ 25 ਨਵੰਬਰ, 2016 ਤੱਕ ਉਕਤ ਰੈਲੀ ਲਈ ਇਨੋਵਾ ਅਤੇ ਹੋਰ ਗੱਡੀਆਂ ਉਪਲੱਬਧ ਕਰਵਾਈਆਂ, ਜਿਨ੍ਹਾਂ 'ਚ ਸਕਿਓਰਿਟੀ ਲਈ 10 ਗੱਡੀਆਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ 20 ਗੱਡੀਆਂ, ਸਾਬਕਾ ਉਪ ਮੱਖ ਮੰਤਰੀ ਲਈ 20 ਗੱਡੀਆਂ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਲਈ 20 ਗੱਡੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਵੀ ਕਈ ਗੱਡੀਆਂ ਦਿੱਤੀਆਂ ਗਈਆਂ ਸਨ। ਇਨ੍ਹਾਂ ਦਾ ਕੁਲ ਕਿਰਾਇਆ 9.56 ਲੱਖ ਰੁਪਏ ਬਣਦਾ ਹੈ, ਜੋ ਕਿ ਉਨ੍ਹਾਂ ਨੂੰ ਅੱਜ ਤੱਕ ਨਹੀਂ ਮਿਲਿਆ। 
ਸੰਗਤ ਦਰਸ਼ਨ ਲਈ ਦਿੱਤੀਆਂ ਗੱਡੀਆਂ ਦਾ ਵੀ ਨਹੀਂ ਮਿਲਿਆ ਕਿਰਾਇਆ
ਇੰਨਾ ਹੀ ਨਹੀਂ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ 'ਚ ਹੋਣ ਵਾਲੇ ਸੰਗਤ ਦਰਸ਼ਨਾਂ ਲਈ ਵੀ ਉਹ 1 ਮਈ, 2016 ਤੋਂ ਲੈ ਕੇ 31 ਦਸੰਬਰ, 2016 ਤੱਕ ਗੱਡੀਆਂ ਮੁਹੱਈਆ ਕਰਵਾਉਂਦੇ ਰਹੇ। ਜ਼ਿਲੇ ਅਤੇ ਆਸਪਾਸ ਦੇ ਇਲਾਕਿਆਂ 'ਚ ਜਦੋਂ ਵੀ ਤਤਕਾਲੀਨ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦਾ ਸੰਗਤ ਦਰਸ਼ਨ ਹੁੰਦਾ ਸੀ, ਉੱਥੇ ਹੀ ਉਨ੍ਹਾਂ ਵੱਲੋਂ ਗੱਡੀਆਂ ਭੇਜੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਉਕਤ ਗੱਡੀਆਂ ਦੇ ਕਿਰਾਏ ਦੀ ਰਾਸ਼ੀ 14.50 ਲੱਖ ਰੁਪਏ ਹੈ, ਜਿਨ੍ਹਾਂ 'ਚੋਂ ਉਨ੍ਹਾਂ ਨੂੰ ਇਕ ਰੁਪਿਆ ਵੀ ਨਹੀਂ ਦਿੱਤਾ ਗਿਆ। ਡੀ. ਸੀ. ਬਠਿੰਡਾ ਕੋਲ ਉਹ ਕਈ ਵਾਰ ਪੇਮੈਂਟ ਲੈਣ ਲਈ ਗੁਹਾਰ ਲਾ ਚੁੱਕੇ ਹਨ ਪਰ ਪੈਸੇ ਨਹੀਂ ਮਿਲ ਸਕੇ।  


Related News