ਤਿੰਨ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ 91 ਉਮੀਦਵਾਰ ਮੈਦਾਨ ''ਚ

12/09/2017 7:05:18 PM

ਕਪੂਰਥਲਾ/ਭੁਲੱਥ  (ਗੁਰਵਿੰਦਰ ਕੌਰ, ਰਜਿੰਦਰ)— ਨਗਰ ਪੰਚਾਇਤ ਭੁਲੱਥ, ਬੇਗੋਵਾਲ ਅਤੇ ਢਿੱਲਵਾਂ ਦੀਆਂ 17 ਦਸੰਬਰ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਸਬੰਧੀ 37 ਵਾਰਡਾਂ ਲਈ ਸਹੀ ਪਾਈਆਂ ਗਈਆਂ 173 ਨਾਮਜ਼ਦਗੀਆਂ 'ਚੋਂ ਸ਼ੁੱਕਰਵਾਰ 81 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਨਾਲ ਹੁਣ ਕੁੱਲ 91 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ। 
ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣ ਅਫਸਰ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਬਲਜੀਤ ਸਿੰਘ ਪੁੱਤਰ ਸੰਗਤ ਸਿੰਘ ਬਿਨਾਂ ਮੁਕਾਬਲਾ ਜੇਤੂ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਨਗਰ ਪੰਚਾਇਤ ਢਿੱਲਵਾਂ ਤੋਂ 27, ਭੁਲੱਥ ਤੋਂ 25 ਅਤੇ ਬੇਗੋਵਾਲ ਤੋਂ 29 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ। ਇਸ ਤਰ੍ਹਾਂ ਹੁਣ ਢਿੱਲਵਾਂ ਤੋਂ 30, ਭੁਲੱਥ ਤੋਂ 31 ਤੇ ਬੇਗੋਵਾਲ ਤੋਂ 30 ਉਮੀਦਵਾਰ ਚੋਣ ਮੈਦਾਨ 'ਚ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ ਅਤੇ 17 ਦਸੰਬਰ ਨੂੰ ਚੋਣਾਂ ਹੋਣਗੀਆਂ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।


Related News