ਨਗਰ ਪੰਚਾਇਤ ਦੇ ਪੁਰਾਣੇ ਮੁਲਾਜ਼ਮਾਂ ਨੇ ਦਿੱਤਾ ਧਰਨਾ

01/17/2018 7:44:16 AM

ਭਿੱਖੀਵਿੰਡ,   (ਰਾਜੀਵ)-  ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਹੁਕਮਾਂ ਨਾਲ ਜਿਉਂ ਦੀ ਤਿਉਂ ਬਹਾਲ ਕੀਤੀ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਰਾਣੇ ਤਿੰਨ ਮੁਲਾਜ਼ਮਾਂ ਨੂੰ ਰੱਖ ਲੈਣਾ ਤੇ ਬਾਕੀ ਮੁਲਾਜ਼ਮਾਂ ਨੂੰ ਠੇਂਗਾ ਦਿਖਾ ਦੇਣਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਲੋਕਤੰਤਰ ਦਾ ਕਤਲ ਕਰਨ ਬਰਾਬਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਫਾਈ ਸੇਵਕ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ, ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ (ਏਟਕ), ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਸਿੰਚਾਈ ਵਿਭਾਗ ਯੂਨੀਅਨ ਪੰਜਾਬ, ਪੰਜਾਬ ਮਿਊਂਸੀਪਲ ਵਰਕਰ ਫੈੱਡਰੇਸ਼ਨ, ਪਟਵਾਰ ਯੂਨੀਅਨ ਪੰਜਾਬ, ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ, ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ, ਲੋਕ ਇਨਸਾਫ ਪਾਰਟੀ, ਆਮ ਆਦਮੀ ਪਾਰਟੀ ਆਦਿ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਨਗਰ ਪੰਚਾਇਤ ਭਿੱਖੀਵਿੰਡ ਦੇ ਦਫਤਰ ਅੱਗੇ ਰੋਜ਼ਾਨਾ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਸਤਨਾਮ ਕੌਰ ਨੇ ਆਖਿਆ ਕਿ ਭਾਰਤ ਦੀ ਸਰਵਉੱਚ ਅਦਾਲਤ ਵੱਲੋਂ ਸੁਣਾਏ ਹੋਏ ਫੈਸਲੇ ਨੂੰ ਮੰਨਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਪੁਰਾਣੇ ਤਿੰਨ ਮੁਲਾਜ਼ਮਾਂ ਨੂੰ ਸਿਆਸੀ ਸ਼ਹਿ 'ਤੇ ਰੈਗੂਲਰ ਰੱਖ ਲਿਆ ਪਰ ਬਾਕੀਆਂ ਮੁਲਾਜ਼ਮਾਂ ਨੂੰ ਡਿਊਟੀ 'ਤੇ ਰੱਖਣ ਦੀ ਬਜਾਏ ਨਵੇਂ ਮੁਲਾਜ਼ਮਾਂ ਨੂੰ ਰੱਖ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। 
ਇਸ ਮੌਕੇ ਦਵਿੰਦਰ ਸਿੰਘ, ਕੋਮਲ ਰਾਣੀ, ਜਸਬੀਰ ਕੌਰ, ਅਨੀਤਾ ਰਾਣੀ, ਦੀਪਕ ਕੁਮਾਰ, ਜੀਤੋ, ਬਲਵਿੰਦਰ ਸਿੰਘ, ਰਮੇਸ਼ ਬੰਗੜ, ਗੁਰਵੇਲ ਸਿੰਘ, ਊਧਮ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਕੁਲਵੰਤ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਬਿੰਦਰ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ, ਅਵਤਾਰ ਸਿੰਘ ਬੂੜਚੰਦ ਆਦਿ ਪੁਰਾਣੇ ਮੁਲਾਜ਼ਮ ਹਾਜ਼ਰ ਸਨ।
ਕੀ ਕਹਿੰਦੇ ਹਨ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ : ਇਸ ਮਾਮਲੇ ਸਬੰਧੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਠੋਸ ਉੱਤਰ ਦੇਣ ਦੀ ਬਜਾਏ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਨੂੰ ਪੁੱਛਿਆ ਜਾਵੇ। ਦੱਸਣਯੋਗ ਹੈ ਕਿ ਡਿਪਟੀ ਡਾਇਰੈਕਟਰ ਅੰਮ੍ਰਿਤਸਰ ਸੌਰਵ ਅਰੋੜਾ ਨੂੰ ਬੀਤੇ ਮਹੀਨੇ 'ਚ ਮੁਲਾਜ਼ਮਾਂ ਵੱਲੋਂ ਮੰਗ ਪੱਤਰ ਦੇ ਕੇ ਆਪਣੀ ਨੌਕਰੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਸੀ ਪਰ ਡਿਪਟੀ ਡਾਇਰੈਕਟਰ ਨੇ ਕਾਰਵਾਈ ਕਰਨ ਦੀ ਬਜਾਏ ਹੱਥ ਖੜ੍ਹੇ ਕਰਦਿਆਂ ਇਹ ਮਾਮਲਾ ਮਹਿਕਮਾ ਸਥਾਨਕ ਸਰਕਾਰਾਂ ਵਿਭਾਗ ਦੇ ਪਾਲੇ 'ਚ ਸੁੱਟ ਦਿੱਤਾ ਸੀ। 
ਕੀ ਕਹਿੰਦੇ ਹਨ ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ : ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਦੀਪ ਕੁਮਾਰ ਨੇ ਦੱਸਿਆ ਇਹ ਭਿੱਖੀਵਿੰਡ ਦੇ ਮੁਲਾਜ਼ਮਾਂ ਦਾ ਮਾਮਲਾ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿਚੋਂ ਇਕ ਹੈ, ਜਿਸ ਨੂੰ ਮਹਿਕਮਾ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਚ ਰੱਖ ਕੇ ਇਨਸਾਫ ਦਿਵਾਇਆ ਜਾਵੇਗਾ। ਜੇਕਰ ਮਹਿਕਮੇ ਨੇ ਪੁਰਾਣੇ ਮੁਲਾਜ਼ਮਾਂ ਨਾਲ ਇਨਸਾਫ ਨਾ ਕੀਤਾ ਤਾਂ ਪੰਜਾਬ ਪੱਧਰ 'ਤੇ ਸੰਘਰਸ਼ ਆਰੰਭ ਕਰ ਕੇ ਮਹਿਕਮੇ ਦੇ ਨੱਕ 'ਚ ਦਮ ਕਰ ਦਿੱਤਾ ਜਾਵੇਗਾ।


Related News