ਐੱਨ. ਆਰ. ਆਈ. ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ

08/15/2017 3:30:22 AM

ਮੇਹਟੀਆਣਾ, (ਸੰਜੀਵ)- ਬੀਤੇ ਦਿਨੀਂ ਚੋਰਾਂ ਨੇ ਪਿੰਡ ਸਿੰਬਲੀ ਵਿਖੇ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਪਤਨੀ ਗੁਰਦੇਵ ਰਾਮ ਦੇਬਾ ਵਾਸੀ ਸਿੰਬਲੀ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਉਸ ਦਾ ਪਤੀ ਤੇ ਬੇਟਾ-ਬੇਟੀ ਤਿੰਨੋਂ ਵਿਦੇਸ਼ ਗਏ ਹੋਏ ਹਨ ਅਤੇ ਉਹ ਘਰ 'ਚ ਇਕੱਲੀ ਹੀ ਰਹਿ ਰਹੀ ਹੈ। 
ਉਹ ਸਵੇਰੇ ਘਰ ਨੂੰ ਤਾਲੇ ਲਾ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਗਈ ਸੀ। ਸ਼ਾਮੀਂ ਕਰੀਬ 8 ਵਜੇ ਉਹ ਘਰ ਪਰਤੀ ਤਾਂ ਗੇਟ ਨੂੰ ਤਾਲਾ ਲਾਉਣ ਵਾਲੀ ਲੋਹੇ ਦੀ ਪੱਤੀ ਕੱਟੀ ਦੇਖ ਕੇ ਉਹ ਘਬਰਾ ਗਈ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਅਲਮਾਰੀ ਤੇ ਪੇਟੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਇੱਧਰ ਉੱਧਰ ਖਿੱਲਰਿਆ ਪਿਆ ਸੀ। 
ਚੈੱਕ ਕਰਨ 'ਤੇ ਪਤਾ ਲੱਗਿਆ ਕਿ ਉਸ ਦੇ ਘਰੋਂ ਚੋਰਾਂ ਨੇ 5 ਸੋਨੇ ਦੀਆਂ ਮੁੰਦਰੀਆਂ, ਚਾਰ ਜੋੜੇ ਵਾਲੀਆਂ, ਇਕ ਸੋਨੇ ਦਾ ਸੈੱਟ, ਚਾਰ ਵਿਦੇਸ਼ੀ ਪ੍ਰੈੱਸਾਂ, ਇਕ ਵੀਡੀਓ ਕੈਮਰਾ, ਦੋ ਸਟਿੱਲ ਕੈਮਰੇ, 1500 ਰੁਪਏ ਅਤੇ ਹੋਰ ਛੋਟਾ-ਮੋਟਾ ਸਾਮਾਨ ਚੋਰੀ ਕਰ ਲਿਆ ਸੀ। ਪੀੜਤ ਔਰਤ ਨੇ ਇਸ ਸਾਰੀ ਘਟਨਾ ਦੀ ਲਿਖਤੀ ਸ਼ਿਕਾਇਤ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਦੇ ਦਿੱਤੀ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਦੀ ਇਸ ਵਾਰਦਾਤ ਦੀ ਚਰਚਾ ਪੂਰੇ ਇਲਾਕੇ 'ਚ ਹੋ ਰਹੀ ਹੈ ਅਤੇ ਸਾਰਾ ਪਿੰਡ ਦਹਿਸ਼ਤ ਦੇ ਮਾਹੌਲ 'ਚੋਂ ਲੰਘ ਰਿਹਾ ਹੈ। 
ਚੋਰ ਦਿਨ-ਦਿਹਾੜੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਗਏ 
ਚੱਬੇਵਾਲ, (ਗੁਰਮੀਤ)–ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡ ਚੱਬੇਵਾਲ ਵਿਖੇ ਚੋਰਾਂ ਵੱਲੋਂ ਦਿਨ-ਦਿਹਾੜੇ ਘਰ ਵਿਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕ੍ਰਿਸ਼ਨਾ ਪਤਨੀ ਅਜੀਤ ਸਿੰਘ ਵਾਸੀ ਚੱਬੇਵਾਲ ਨੇ ਥਾਣਾ ਚੱਬੇਵਾਲ ਦੀ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੇ ਘਰ ਤੋਂ ਥੋੜ੍ਹੀ ਹੀ ਦੂਰ ਹਵੇਲੀ ਵਿਚ ਪਸ਼ੂਆਂ ਨੂੰ ਪੱਠੇ ਪਾਉਣ ਅਤੇ ਚੋਣ ਗਈ ਸੀ। 
ਜਦੋਂ ਸ਼ਾਮ ਨੂੰ ਕਰੀਬ ਦੋ ਘੰਟੇ ਬਾਅਦ ਵਾਪਸ ਆਈ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਘਰ ਅੰਦਰ ਪਈਆਂ ਅਲਮਾਰੀਆਂ ਦੀ ਭੰਨ-ਤੋੜ 
ਕਰ ਕੇ ਦੋ ਸੋਨੇ ਦੀਆਂ ਚੇਨੀਆਂ, ਇਕ ਮੁੰਦਰੀ, ਝਾਂਜਰਾਂ ਅਤੇ ਲਗਭਗ ਚਾਰ ਕੁ ਹਜ਼ਾਰ ਰੁਪਏ ਚੋਰੀ ਕਰ ਲਏ ਸਨ।


Related News