ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ''ਤੇ ਕੀਤਾ ਕਾਤਲਾਨਾ ਹਮਲਾ

12/09/2017 7:08:50 AM

ਸੁਲਤਾਨਪੁਰ ਲੋਧੀ, (ਸੋਢੀ)- ਸੁਲਤਾਨਪੁਰ ਲੋਧੀ ਨੇੜੇ ਪਿੰਡ ਅਦਾਲਤ ਚੱਕ ਦੇ ਇਕ ਨੌਜਵਾਨ ਬਲਕਾਰ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨਦਾਰ ਬਲਕਾਰ ਸਿੰਘ ਆਪਣੇ ਪਿੰਡ ਦੇ ਨੇੜੇ ਤਲਵੰਡੀ ਰੋਡ 'ਤੇ ਪੈਂਦੇ ਇਕ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਆਪਣੀ ਦੁਕਾਨ ਵਲ ਜਾ ਰਿਹਾ ਸੀ ਕਿ ਅਚਾਨਕ ਇਕ ਗੱਡੀ 'ਚ ਚਾਰ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ 'ਚੋਂ ਇਕ ਗੱਡੀ 'ਚ ਰਿਹਾ ਤੇ ਤਿੰਨਾਂ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਬਲਕਾਰ ਸਿੰਘ ਦੇ ਸਿਰ ਦੇ 'ਚ ਗੰਭੀਰ ਸੱਟਾਂ ਮਾਰ ਕੇ ਜ਼ਖਮੀ ਕਰਕੇ ਸੁੱਟ ਗਏ।
ਨੌਜਵਾਨ ਬਲਕਾਰ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਪਿੰਡ ਗਾਜੀਪੁਰ ਵਲ ਨੂੰ ਜਾਂਦੀ ਰੋਡ 'ਤੇ ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦੇ ਮੂਹਰੇ ਮੋਬਾਇਲਾਂ ਵਗੈਰਾ ਦੀ ਦੁਕਾਨ ਹੈ। ਹਮਲਾਵਰਾਂ ਨੇ ਪਹਿਲਾਂ ਰੇਕੀ ਕਰਕੇ ਬਲਕਾਰ ਸਿੰਘ ਦੇ ਆਉਂਦੇ ਹੀ ਉਸ 'ਤੇ ਹਮਲਾ ਬੋਲ ਦਿੱਤਾ ਤੇ ਲਗਾਤਾਰ ਸਿਰ 'ਤੇ ਕਈ ਵਾਰ ਕੀਤੇ, ਜਦੋਂ ਹੋਰ ਲੋਕ ਇਕੱਠੇ ਹੋ ਗਏ ਤਾਂ ਉਹ ਭੱਜ ਗਏ। 
ਜ਼ਖਮੀ ਹੋਏ ਨੌਜਵਾਨ ਬਲਕਾਰ ਸਿੰਘ ਨੂੰ ਨੇੜਲੇ ਅਮਨਪ੍ਰੀਤ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਲਕਾਰ ਸਿੰਘ ਦੇ ਭਰਾ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨੀ ਇਕ ਵਿਅਕਤੀ ਨਾਲ ਪੁਰਾਣਾ ਝਗੜਾ ਚੱਲਦਾ ਹੈ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਵੀ ਕੁਝ ਦਿਨ ਪਹਿਲਾਂ ਕੋਈ ਸ਼ਿਕਾਇਤ ਵੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਇਸ ਘਟਨਾ 'ਚ ਸ਼ਾਮਲ ਇਕ ਗੱਡੀ ਪੀ. ਬੀ.-09, ਏ. ਸੀ.-0269 ਦਾ ਪਤਾ ਲੱਗਾ ਹੈ। ਇਸ ਮਾਮਲੇ ਦੀ ਸੁਲਤਾਨਪੁਰ ਲੋਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਕਿਸੇ ਦੀ ਕੋਈ ਵੀ ਗ੍ਰਿਫਤਾਰੀ ਹੋਣ ਦੀ ਖਬਰ ਨਹੀਂ ਹੈ।ਬਲਕਾਰ ਸਿੰਘ ਤੇ ਸ਼ਿੰਗਾਰਾ ਸਿੰਘ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਸਾਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


Related News