22 ਦਿਨਾਂ 'ਚ ਸੁਲਝਾਈ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ, ਤਿੰਨੋਂ ਦੋਸ਼ੀ ਕੀਤੇ ਕਾਬੂ

01/17/2018 5:48:27 PM

ਮਾਲੇਰਕੋਟਲਾ (ਜ਼ਹੂਰ)— ਜ਼ਿਲਾ ਸੰਗਰੂਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਰੀਬ 22 ਦਿਨ ਪਹਿਲਾਂ ਮਾਲੇਰਕੋਟਲਾ ਦੇ ਪੁਰਾਣਾ ਕਿਲਾ ਵਾਸੀ ਮੁਹੰਮਦ ਸਲੀਮ ਦੇ ਹੋਏ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਦਿਆਂ ਕਤਲ ਵਿਚ ਸ਼ਾਮਲ ਮ੍ਰਿਤਕ ਦੀ ਪਹਿਲੀ ਪਤਨੀ ਸਾਲੇ ਅਤੇ ਉਸ ਦੇ ਇਕ ਦੋਸਤ ਨੂੰ ਮਾਲੇਰਕੋਟਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਮੁਹੰਮਦ ਸਲੀਮ ਨੂੰ 27 ਦਸੰਬਰ 2017 ਨੂੰ ਕਤਲ ਕਰਨ ਉਪਰੰਤ ਉਸ ਦੀ ਲਾਸ਼ ਨੂੰ ਪਿੰਡ ਐਹਨੋਂ ਨੇੜੇ ਗੰਦੇ ਡਰੇਨ ਨਾਲੇ 'ਚ ਸੁੱਟ ਦਿੱਤਾ ਗਿਆ ਸੀ। ਪੁਲਸ ਨੇ ਉਸ ਸਮੇਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਕਿਸੇ ਹੋਰ ਵਿਆਕਤੀ 'ਤੇ ਮਾਮਲਾ ਦਰਜ ਕੀਤਾ ਸੀ ਪਰ ਪੁਲਸ ਦੀ ਛਾਣਬੀਣ ਦੌਰਾਨ ਦੋਸ਼ੀ ਮ੍ਰਿਤਕ ਦੀ ਪਹਿਲੀ ਪਤਨੀ, ਸਾਲਾ ਅਤੇ ਸਾਲੇ ਦਾ ਦੋਸਤ ਨਿਕਲੇ। ਸੰਗਰੂਰ ਦੇ ਐੱਸ. ਐੱਸ. ਪੀ. ਸ. ਮਨਦੀਪ ਸਿੰਘ ਸਿੱਧੂ ਨੇ ਬੁੱਧਵਾਰ ਇਥੇ ਥਾਣਾ ਸਿਟੀ-1 ਵਿਖੇ ਸਥਿਤ ਸੁਵਿਧਾ ਕੇਂਦਰ 'ਚ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਸਾਲ 2018 'ਚ ਇਹ ਦੂਜਾ ਅੰਨ੍ਹਾ ਕਤਲ ਕੇਸ 22 ਦਿਨਾਂ 'ਚ ਹੀ ਟਰੇਸ ਕਰਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 
ਉਨ੍ਹਾਂ ਦੱਸਿਆ ਕਿ 27 ਦਸੰਬਰ 2017 ਦੀ ਰਾਤ ਨੂੰ ਕਰੀਬ 9 ਵਜੇ ਮੁਹੰਮਦ ਸਹਿਬਾਜ ਪੁੱਤਰ ਮੁਹੰਮਦ ਫਕੀਰੀਆ ਕੌਮ ਕੰਬੋਜ ਮੁਸਲਮਾਨ ਵਾਸੀ ਪੁਰਾਣਾ ਕਿਲਾ ਮਾਲੇਰਕੋਟਲਾ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਸ ਦੇ ਭਰਾ ਮੁਹੰਮਦ ਸਲੀਮ ਨੂੰ ਛਾਤੀ 'ਚ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਡਰੇਨ ਗੰਦਾ ਨਾਲਾ ਬਾਹੱਦ ਪਿੰਡ ਆਹਨੋ ਨੇੜੇ ਸੁੱਟੀ ਪਈ ਹੈ। ਮੌਕੇ 'ਤੇ ਪੁੱਜੀ ਪੁਲਸ ਪਾਰਟੀ ਦੀ ਮੁਢਲੀ ਜਾਂਚ ਦੌਰਾਨ ਇਹ ਸ਼ੱਕ ਪ੍ਰਗਟਾਇਆ ਗਿਆ ਸੀ ਕਿ ਮ੍ਰਿਤਕ ਦੀ ਹੱਤਿਆ ਫਾਇਰ ਆਰਮਜ਼ ਨਾਲ ਕੀਤੀ ਗਈ ਹੈ, ਕਿਉਂ ਕਿ ਮ੍ਰਿਤਕ ਦੇ ਸਰੀਰ 'ਤੇ ਕਾਫੀ ਜ਼ਿਆਦਾ ਛੇਕ ਸਨ ਪਰ ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਸਲੀਮ ਦਾ ਕਤਲ ਫਾਇਰ ਆਰਮ ਨਾਲ ਨਹੀਂ ਸਗੋਂ ਇਹ ਕਿਸੇ ਤਿੱਖੇ ਸੂਆ ਨੁਮਾ ਹਥਿਆਰ ਨਾਲ ਕੀਤਾ ਗਿਆ ਹੈ।
ਪੁਲਸ ਨੇ ਉਸ ਸਮੇਂ ਥਾਣਾ ਸੰਦੌੜ ਵਿਖੇ ਮ੍ਰਿਤਕ ਦੇ ਭਰਾ ਮੁਹੰਮਦ ਸ਼ਹਿਬਾਜ਼ ਦੇ ਬਿਆਨਾਂ 'ਤੇ ਕਤਲ ਦੀ ਧਾਰਾ 302, 120ਬੀ. ਅਧੀਨ ਮੁਕੱਦਮਾ ਨੰਬਰ 117 ਦਰਜ ਕਰਕੇ ਮਾਮਲੇ ਦੀ ਜਾਂਚ ਲਈ ਐੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ ਜਲਹੋਤਰਾ, ਡੀ. ਐੱਸ. ਪੀ. ਯੋਗੀਰਾਜ ਅਤੇ ਐੱਸ. ਐੱਚ. ਓ. ਥਾਣਾ ਸੰਦੌੜ 'ਤੇ ਆਧਾਰਿਤ ਤਿੰਨ ਮੈਂਬਰੀ ਸ਼ਪੈਸਲ ਜਾਂਚ ਟੀਮ ਦਾ ਗਠਨ ਕੀਤਾ ਸੀ। ਇਸ ਜਾਂਚ ਟੀਮ ਵੱਲੋਂ ਪੂਰੀ ਸਰਗਰਮੀ ਨਾਲ ਮਾਮਲੇ ਦੀ ਅਰੰਭੀ ਛਾਣਬੀਣ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮੁਹੰਮਦ ਸਲੀਮ ਦਾ ਕਤਲ ਉਸ ਦੀ ਪਹਿਲੀ ਪਤਨੀ ਡਾਂਸਰ ਸੋਨੀਆ ਨੇ ਆਪਣੇ ਭਰਾ ਬੂਟਾ ਖਾਂ ਪੁੱਤਰ ਮਿੱਠੂ ਖਾਂ ਵਾਸੀ ਹਥਨ ਅਤੇ ਆਪਣੇ ਭਰਾ ਦੇ ਦੋਸਤ ਮਨਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਹਥਨ ਦੇ ਨਾਲ ਮਿਲ ਕੇ ਕੀਤਾ ਹੈ। ਜਿਸ 'ਤੇ ਪੁਲਸ ਨੇ ਬੀਤੇ ਦਿਨ ਉਕਤਾਨ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸਲੀਮ ਦੀ ਪਹਿਲੀ ਪਤਨੀ ਸੋਨੀਆ ਪੁੱਤਰੀ ਮਿੱਠੂ ਖਾਂ ਵਾਸੀ ਪਿੰਡ ਹਥਨ ਜੋ ਪੇਸ਼ੇ ਵਜੋਂ ਡਾਂਸਰ ਦਾ ਕੰਮ ਕਰਦੀ ਹੈ ਦਾ ਆਪਣੇ ਪਤੀ ਸਲੀਮ ਨਾਲ ਘਰੇਲੂ ਜੀਵਨ ਕਥਿਤ ਠੀਕ ਨਾ ਚੱਲਣ ਕਾਰਨ ਉਹ ਹੁਣ ਮੌੜ ਮੰਡੀ ਜ਼ਿਲਾ ਬਰਨਾਲਾ ਵਿਖੇ ਮ੍ਰਿਤਕ ਸਲੀਮ ਤੋਂ ਵੱਖ ਰਹਿ ਰਹੀ ਸੀ, ਜਿਸ ਕਾਰਨ ਮ੍ਰਿਤਕ ਸਲੀਮ ਨੇ ਦੂਜਾ ਵਿਆਹ ਕਰਵਾ ਲਿਆ ਸੀ।

ਉਨ੍ਹਾਂ ਨੇ ਦੱਸਿਆ ਇਕ ਸਾਲ ਪਹਿਲਾਂ ਦੁਬਈ ਵਿਖੇ ਡਾਂਸਰਾ ਨਾਲ 2/3 ਮਹੀਨੇ ਰਹਿ ਕੇ ਆਈ ਸੋਨੀਆ ਨੂੰ ਮ੍ਰਿਤਕ ਸਲੀਮ ਦੁਬਾਰਾ ਆਪਣੇ ਨਾਲ ਰਹਿਣ ਲਈ ਕਥਿਤ ਦਬਾਅ ਪਾ ਰਿਹਾ ਸੀ ਪਰ ਸੋਨੀਆ ਮ੍ਰਿਤਕ ਸਲੀਮ ਨਾਲ ਰਹਿਣ ਲਈ ਤਿਆਰ ਨਹੀਂ ਸੀ। ਇਸ ਦੌਰਾਨ ਸੋਨੀਆ ਨੂੰ ਜਦੋਂ ਕਿਸੇ ਕਾਰਨ ਇਹ ਸ਼ੱਕ ਹੋਇਆ ਕਿ ਉਸ ਦਾ ਪਤੀ ਸਲੀਮ ਉਸ ਨੂੰ ਜਾਂ ਉਸ ਦੇ ਲੜਕੇ ਨੂੰ ਜਾਨ ਤੋਂ ਨਾ ਮਾਰ ਦੇਵੇ, ਤਾਂ ਮ੍ਰਿਤਕ ਸਲੀਮ ਦੀ ਪਹਿਲੀ ਘਰਵਾਲੀ ਸੋਨੀਆ ਨੇ ਆਪਣੇ ਭਰਾ ਬੂਟਾ ਖਾਂ ਪੁੱਤਰ ਮਿੱਠੂ ਖਾਂ ਅਤੇ ਭਰਾ ਦੇ ਦੋਸਤ ਮਨਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਵਿਸਾਖਾ ਸਿੰਘ ਵਾਸੀ ਹਥਨ ਨਾਲ ਮਿਲ ਕੇ ਆਪਣੇ ਪਤੀ ਸਲੀਮ ਨੂੰ ਕਤਲ ਕਰਨ ਦੀ ਯੋਜਨਾ ਬਣਾਈ। ਰਚੀ ਗਈ ਸਾਜਿਸ਼ ਤਹਿਤ 27 ਦਸੰਬਰ ਦੀ ਸ਼ਾਮ ਨੂੰ ਸੋਨੀਆ ਦੇ ਭਰਾ ਬੂਟਾ ਖਾਂ ਪੁੱਤਰ ਮਿੱਠੂ ਖਾਂ ਨੇ ਮ੍ਰਿਤਕ ਸਲੀਮ ਨੂੰ ਕਿਲਾ ਰਹਿਮਤਗੜ ਮਾਲੇਰਕੋਟਲਾ ਤੋਂ ਆਪਣੇ ਨਾਲ ਮੋਟਰਸਾਈਕਲ 'ਤੇ ਲਿਆਉਣ ਉਪਰੰਤ ਰਸਤੇ 'ਚ ਸ਼ਰਾਬ ਪਿਲਾ ਕੇ ਨਸ਼ੇ 'ਚ ਟੱਲੀ ਕਰ ਦਿੱਤਾ ਅਤੇ ਯੋਜਨਾ ਤਹਿਤ ਸਥਾਨਕ ਮਦੇਵੀ ਰੇਲਵੇ ਫਾਟਕਾਂ 'ਤੇ ਖੜ੍ਹੇ ਕੀਤੇ ਆਪਣੇ ਦੋਸਤ ਮਨਪ੍ਰੀਤ ਸਿੰਘ ਉਰਫ ਮੰਗਾ ਵਾਸੀ ਹਥਨ ਨੂੰ ਸਲੀਮ ਦੇ ਪਿੱਛੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਸ਼ਰਾਬੀ ਹੋਏ ਸਲੀਮ ਨੂੰ ਦੋਵੇਂ ਸੁੰਨਸਾਨ ਜਗ੍ਹਾ ਡਰੇਨ ਗੰਦਾ ਨਾਲਾ ਬਾਹੱਦ ਪਿੰਡ ਆਹਨੋ ਵਿਖੇ ਲੈ ਗਏ, ਜਿੱਥੇ ਉਨ੍ਹਾਂ ਨੇ ਸਲੀਮ ਦੀ ਛਾਤੀ 'ਤੇ ਬਰਫ ਵਾਲੇ ਤਿੱਖੇ ਸੂਏ ਨਾਲ ਕਈ ਵਾਰ ਕਰਕੇ ਸਲੀਮ ਦੀ ਹੱਤਿਆ ਕਰਨ ਉਪਰੰਤ ਉਸ ਦੀ ਲਾਸ਼ ਨੂੰ ਉਥੇ ਹੀ ਡਰੇਨ ਨਾਲੇ 'ਚ ਸੁੱਟ ਕੇ ਫਰਾਰ ਹੋ ਗਏ। ਮਾਮਲੇ ਦੀ ਛਾਣਬੀਣ ਦੌਰਾਨ ਪੁਲਸ ਕਤਲ ਕਰਨ ਸਮੇਂ ਵਰਤਿਆ ਗਿਆ ਬਰਫ ਵਾਲਾ ਸੂਆ ਵੀ ਬਰਾਮਦ ਕਰ ਲਿਆ ਹੈ। 
ਸਿੱਧੂ ਨੇ ਦੱਸਿਆ ਕਿ ਇਸ ਕਤਲ ਦੇ ਮਾਮਲੇ 'ਚ ਸੋਨੀਆ ਅਤੇ ਉਸ ਦੇ ਭਰਾ ਬੂੱਟਾ ਖਾਂ ਦਾ ਸਾਥ ਦੇਣ ਵਾਲਾ ਦੋਸ਼ੀ ਮਨਪ੍ਰੀਤ ਉਰਫ ਮੰਗਾ ਅਤੇ ਬੂਟਾ ਖਾਂ ਦੋਵੇਂ ਜਿੱਥੇ ਇਕੋ ਪਿੰਡ ਦੇ ਵਸਨੀਕ ਹਨ। ਉਥੇ ਦੋਵੇਂ ਦੋਸਤ ਕਬੁੱਤਰ ਉਡਾਉਣ ਬਾਜ਼ੀ ਦਾ ਸ਼ੌਕ ਰੱਖਦੇ ਹੋਣ ਕਾਰਨ ਦੋਹਾਂ ਦੀ ਆਪਸ 'ਚ ਕਾਫੀ ਦੋਸਤੀ ਸੀ। ਜਿਸ ਕਾਰਨ ਮਨਪ੍ਰੀਤ ਮੰਗਾ ਨੇ ਆਪਣੇ ਦੋਸਤ ਬੂੱਟਾ ਖਾਂ ਦਾ ਇਸ ਕਤਲ ਦੇ ਮਾਮਲੇ 'ਚ ਸਾਥ ਦਿੱਤਾ। ਪੁਲਸ ਮੁੱਖੀ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ ਜਲਹੋਤਰਾ, ਡੀ. ਐੱਸ. ਪੀ. ਯੋਗੀਰਾਜ ਅਤੇ ਐੱਸ. ਐੱਚ. ਓ. ਥਾਣਾ ਸੰਦੌੜ ਪਰਮਿੰਦਰ ਸਿੰਘ ਵੀ ਹਾਜ਼ਰ ਸਨ।


Related News