ਨਿਹੰਗ ਸਿੰਘ ਨੂੰ ਕਤਲ ਕਰਨ ਦੇ 7 ਦੋਸ਼ੀ ਜੇਲ ਭੇਜੇ

12/12/2017 7:38:33 AM

ਤਪਾ ਮੰਡੀ(ਸ਼ਾਮ,ਗਰਗ)-ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਨੂੰ ਕਤਲ ਕਰਨ ਦੇ 7 ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਡੀ. ਐੱਸ. ਪੀ. ਤਪਾ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਇਕ ਜਥਾ ਪਿੰਡ ਕਾਹਨੇਕੇ ਵਿਖੇ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦੀ ਅਗਵਾਈ ਵਿਚ ਆਇਆ ਹੋਇਆ ਸੀ। 21-22 ਅਗਸਤ ਦੀ ਦਰਮਿਆਨੀ ਰਾਤ ਨੂੰ ਕੁਝ ਵਿਅਕਤੀ ਗੋਲੀਆਂ ਮਾਰ ਕੇ ਜਥੇਦਾਰ ਬਹਾਦਰ ਸਿੰਘ ਦਾ ਕਤਲ ਕਰ ਕੇ ਹਥਿਆਰਾਂ ਸਣੇ ਫਰਾਰ ਹੋ ਗਏ। ਪੁਲਸ ਨੇ ਲਾਲ ਸਿੰਘ ਪੁੱਤਰ ਬਾਰੂ ਸਿੰਘ ਵਾਸੀ ਅਕਬਰਪੁਰ ਖੜਾਲ ਜ਼ਿਲਾ ਮਾਨਸਾ ਦੇ ਬਿਆਨਾਂ 'ਤੇ ਪੁਲਸ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ। ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ, ਜਿਸ ਵਿਚ ਕੁਲਦੀਪ ਸਿੰਘ ਵਿਰਕ ਡੀ. ਐੱਸ. ਪੀ. ਡੀ. ਬਰਨਾਲਾ, ਬਲਜੀਤ ਸਿੰਘ ਇੰਚਾਰਜ ਸੀ. ਆਈ. ਏ. ਹੰਡਿਆਇਆ, ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਰੂੜੇਕੇ ਕਲਾਂ, ਮਲਕੀਤ ਸਿੰਘ ਚੀਮਾ 'ਤੇ ਆਧਾਰਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਜਾਂਚ ਟੀਮ ਨੇ ਤਫਤੀਸ਼ ਦੌਰਾਨ ਮਿਲੇ ਸਬੂਤਾਂ ਅਤੇ ਪੁੱਛਗਿੱਛ ਦੇ ਆਧਾਰ 'ਤੇ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਜਿਨ੍ਹਾਂ 'ਚ ਨਿਹੰਗ ਵੈਦ ਨਾਇਬ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਤਪਾ ਹਾਲ ਆਬਾਦ ਕਾਹਨੇਕੇ, ਸ਼ਹੀਦ ਪਰਮਜੀਤ ਸਿੰਘ ਨਿਹੰਗ ਪੁੱਤਰ ਗੁਰਦਿਆਲ ਸਿੰਘ ਵਾਸੀ ਗੁੱਜਰਵਾਲਾ, ਧਰਮਿੰਦਰ ਸਿੰਘ ਕਾਕਾ ਪੁੱਤਰ ਰਣ ਸਿੰਘ ਵਾਸੀ ਮਾਨਸਾ ਖ਼ੁਰਦ, ਸੁਖਬੀਰ ਸਿੰਘ ਮਿੱਠੂ ਨਿਹੰਗ ਪੁੱਤਰ ਜੋਗਿੰਦਰ ਸਿੰਘ ਵਾਸੀ ਦੀਪਾ ਪੱਤੀ ਦਿੜ੍ਹਬਾ, ਨਿਹੰਗ ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੀਮਾ ਪੱਤੀ ਦਿੜ੍ਹਬਾ, ਨਿਹੰਗ ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਦਿੜ੍ਹਬਾ, ਨਿਹੰਗ ਲਾਲ ਸਿੰਘ ਲਾਲੀ ਪੁੱਤਰ ਆਤਮਾ ਸਿੰਘ ਵਾਸੀ ਦਿੜ੍ਹਬਾ ਸ਼ਾਮਲ ਸਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਦੌਰਾਨ ਇਨ੍ਹਾਂ ਆਪਣਾ ਜੁਰਮ ਕਬੂਲਿਆਂ ਕਰਦਿਆਂ ਦੱਸਿਆ ਕਿ ਘੋੜਿਆਂ ਦਾ ਜਥੇਦਾਰ ਬਹਾਦਰ ਸਿੰਘ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਦੋਸ਼ੀ ਸੁਖਬੀਰ ਸਿੰਘ ਮਿੱਠੂ ਤੋਂ ਘਟਨਾ ਵਿਚ ਵਰਤੀ ਗਈ ਬਲੈਰੋ ਗੱਡੀ, ਜਗਤਾਰ ਸਿੰਘ ਦਿੜ੍ਹਬਾ ਤੋਂ 12 ਬੋਰ ਪਿਸਤੌਲ, ਲਾਲ ਸਿੰਘ ਉਰਫ਼ ਲਾਲੀ ਵਾਸੀ ਦਿੜ੍ਹਬਾ ਤੋਂ 315 ਬੋਰ ਦੇਸੀ ਕੱਟਾ, ਵੈਦ ਨਾਇਬ ਸਿੰਘ ਤਪਾ ਤੋਂ 315 ਬੋਰ ਰਾਈਫ਼ਲ ਅਤੇ 22 ਬੋਰ ਪਿਸਤੌਲ, ਸੁਰਜੀਤ ਸਿੰਘ ਵਾਸੀ ਦਿੜ੍ਹਬਾ ਤੋਂ 12 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ। ਫੜੇ ਗਏ ਸਾਰੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। 


Related News