ਪੁਲਸ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ

12/12/2017 12:19:56 AM

ਅਬੋਹਰ(ਸੁਨੀਲ)—ਬੀਤੇ ਦਿਨੀਂ ਸਾਊਥ ਐਵੀਨਿਊ ਵਾਸੀ ਤੇ ਪਿੰਡ ਕਟੈਹੜਾ ਵਿਚ ਵਿਆਹੁਤਾ ਇਕ ਮਹਿਲਾ ਨੂੰ ਦਾਜ ਦੀ ਖਾਤਰ ਉਸ ਦੇ ਪਤੀ ਵੱਲੋਂ ਨਹਿਰ 'ਚ ਗੱਡੀ ਸੁੱਟ ਕੇ ਮਾਰੇ ਜਾਣ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਪੁਲਸ ਪ੍ਰਸ਼ਾਸਨ ਤੋਂ ਉਸ ਦੇ ਹੱਤਿਆਰੇ ਪਤੀ ਨੂੰ ਕਾਬੂ ਕਰ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਸਾਊਥ ਐਵੀਨਿਊ ਵਿਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕਾ ਦੀਪਿਕਾ ਦੇ ਪਿਤਾ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਸਦੀ ਬੇਟੀ ਦਾ ਵਿਆਹ ਇਕ ਸਾਲ ਪਹਿਲਾਂ ਕਟੈਹੜਾ ਵਾਸੀ ਸੁਧੀਰ ਕੁਮਾਰ ਪੁੱਤਰ ਓਮ ਪ੍ਰਕਾਸ਼ ਨਾਲ ਹੋਇਆ ਸੀ। ਵਿਆਹ 'ਚ ਉਸ ਨੇ 35 ਲੱਖ ਰੁਪਏ ਖਰਚ ਕਰ ਕੇ ਹੈਸੀਅਤ ਦੇ ਹਿਸਾਬ ਨਾਲ ਦਾਜ ਵੀ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਸੁਧੀਰ ਕੁਮਾਰ ਤੇ ਉਸਦੇ ਸਹੁਰੇ ਵਾਲੇ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ। ਵੇਦ ਪ੍ਰਕਾਸ਼ ਖੈਰਵਾ ਨੇ ਦੱਸਿਆ ਕਿ ਉਸਦੀ ਬੇਟੀ ਨੂੰ ਇਹ ਵੀ ਸ਼ੱਕ ਸੀ ਕਿ ਉਸਦੇ ਪਤੀ ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਹਨ, ਜਿਸ ਬਾਰੇ ਉਸ ਨੇ ਆਪਣੇ ਭਰਾ ਰਜਨੀਸ਼ ਨੂੰ ਵੀ ਜਾਣਕਾਰੀ ਦਿੱਤੀ ਸੀ। ਇਸੇ ਕਰ ਕੇ 14 ਨਵੰਬਰ ਨੂੰ ਸੁਧੀਰ ਕੁਮਾਰ ਦੀਪਿਕਾ ਨੂੰ ਫਾਜ਼ਿਲਕਾ ਵਿਚ ਸ਼ਾਪਿੰਗ ਕਰਵਾਉਣ ਦੇ ਬਹਾਨੇ ਲੈ ਕੇ ਗਿਆ ਅਤੇ ਪਿੰਡ ਘੱਲੂ ਤੇ ਖੂਈਖੇੜਾ ਦੇ ਨੇੜੇ ਕਾਰ ਨਹਿਰ 'ਚ ਡੇਗ ਦਿੱਤੀ। ਇਸ ਘਟਨਾ ਵਿਚ ਸੁਧੀਰ ਕੁਮਾਰ ਖੁਦ ਨਹਿਰ 'ਚੋਂ ਬਾਹਰ ਨਿਕਲ ਆਇਆ ਅਤੇ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। ਇਧਰ ਸਦਰ ਫਾਜ਼ਿਲਕਾ ਪੁਲਸ ਨੇ ਬੀਤੇ ਦਿਨ ਇਸ ਮਾਮਲੇ ਵਿਚ ਮ੍ਰਿਤਕਾ ਦੇ ਭਰਾ ਰਜਨੀਸ਼ ਦੇ ਬਿਆਨਾਂ 'ਤੇ ਦੀਪਿਕਾ ਦੇ ਪਤੀ ਸੁਧੀਰ ਕੁਮਾਰ, ਉਸ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਪਵਨ ਕੁਮਾਰੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਸ ਨੇ ਉਨ੍ਹਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ। ਦੀਪਿਕਾ ਦੇ ਪਿਤਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। 


Related News