ਅਮਿਤ ਸ਼ਰਮਾ ਕਤਲ ਕੇਸ ''ਚ ਜਿੰਮੀ ਇਕ ਦਿਨ ਦੇ ਪੁਲਸ ਰਿਮਾਂਡ ''ਤੇ

11/19/2017 5:16:30 AM

ਲੁਧਿਆਣਾ(ਮਹੇਸ਼)-ਆਰ. ਐੱਸ. ਐੱਸ. ਦੇ ਰਵਿੰਦਰ ਗੋਸਾਈਂ ਕਤਲਕਾਂਡ 'ਚ ਗ੍ਰਿਫਤਾਰ ਕੀਤੇ ਗਏ ਕਥਿਤ ਅੱਤਵਾਦੀ ਦਲਜੀਤ ਸਿੰਘ ਜਿੰਮੀ ਦਾ ਇਕ ਦਿਨ ਦਾ ਰਿਮਾਂਡ ਖਤਮ ਹੋਣ 'ਤੇ ਉਸਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜਿੰਮੀ ਨੂੰ ਰਾਹਤ ਦਿੰਦੇ ਹੋਏ 14 ਦਿਨ ਦੀ ਹਿਰਾਸਤ ਵਿਚ ਭੇਜਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਜ਼ਿਲਾ ਪੁਲਸ ਨੇ ਅਮਿਤ ਸ਼ਰਮਾ ਕਤਲਕਾਂਡ 'ਚ ਜਿੰਮੀ ਦੀ ਗ੍ਰਿਫਤਾਰੀ ਪਾ ਕੇ ਉਸਨੂੰ ਜੱਜ ਆਰ. ਐੱਸ. ਨਾਗਪਾਲ ਦੀ ਅਦਾਲਤ 'ਚ ਅਰਜ਼ੀ ਦਾਖਲ ਕਰਕੇ ਪੇਸ਼ ਕੀਤਾ ਅਤੇ ਉਸਦਾ 1 ਦਿਨ ਦਾ ਰਿਮਾਂਡ ਹਾਸਲ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿੰਮੀ ਤੋਂ ਅਮਿਤ ਸ਼ਰਮਾ ਕੇਸ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਸ਼੍ਰੀ ਹਿੰਦੂ ਤਖਤ ਦੇ ਪ੍ਰਚਾਰਕ ਅਮਿਤ ਸ਼ਰਮਾ ਦੀ 14 ਜਨਵਰੀ 2017 ਨੂੰ ਦੁਰਗਾ ਮਾਤਾ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧ ਵਿਚ ਅਣਪਛਾਤੇ ਕਾਤਲਾਂ ਖਿਲਾਫ ਥਾਣਾ ਡਵੀਜ਼ਨ ਨੰ. 5 'ਚ ਕੇਸ ਦਰਜ ਹੋਇਆ ਸੀ। 
ਦੇਰ ਰਾਤ ਤਕ ਮੁਲਜ਼ਮਾਂ ਤੋਂ ਪੁੱਛਗਿੱਛ ਕਰਦੀ ਰਹੀ ਐੱਨ. ਆਈ. ਏ. ਦੀ ਟੀਮ
ਰਵਿੰਦਰ ਗੋਸਾਈਂ ਸਮੇਤ ਪੰਜਾਬ 'ਚ ਹੋਏ 7 ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿਚ ਗ੍ਰਿਫਤਾਰ ਕੀਤੇ ਗਏ ਮੂਲਰੂਪ ਤੋਂ ਜੰਮੂ ਦੇ ਰਹਿਣ ਵਾਲੇ ਯੂ. ਕੇ. ਵਾਸੀ ਦਲਜੀਤ ਸਿੰਘ ਜਿੰਮੀ ਅਤੇ ਸੁਲਤਾਨ ਮਸੀਹ ਕਤਲ ਕੇਸ 'ਚ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਤੋਂ ਦੇਰ ਰਾਤ ਤਕ ਸੀ. ਆਈ. ਏ. ਸਟਾਫ ਪੁੱਛਗਿੱਛ ਕਰਦੀ ਰਹੀ। 


Related News