ਚੋਣ ਜ਼ਾਬਤੇ ਦੀਆਂ ਲਗਾਤਾਰ ਉੱਡ ਰਹੀਆਂ ਧੱਜੀਆਂ, ਪ੍ਰਸ਼ਾਸਨ ਖਾਮੋਸ਼

12/12/2017 6:31:28 PM

ਜਲੰਧਰ (ਰਵਿੰਦਰ ਸ਼ਰਮਾ)— ਨਗਰ ਨਿਗਮ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਹਲਕੇ ਮੀਂਹ ਦੇ ਬਾਵਜੂਦ ਵੀ ਪ੍ਰਚਾਰ ਦਾ ਮਾਹੌਲ ਬੇਹੱਦ ਗਰਮ ਰਿਹਾ। ਢੋਲ-ਨਗਾਰਿਆਂ ਦੇ ਨਾਲ-ਨਾਲ ਆਟੋ ਰਿਕਸ਼ਾ 'ਤੇ ਲਾਊਡ ਸਪੀਕਰ ਨਾਲ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਾਮ ਸਮੇਂ ਹਰ ਇਕ ਵਾਰਡ ਵਿੱਚ ਨੁੱਕੜ ਸਭਾਵਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਚੋਣ ਪ੍ਰਚਾਰ ਦੌਰਾਨ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਖੁੱਲ੍ਹ ਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੇ ਹਨ। ਸਭ ਤੋਂ ਜ਼ਿਆਦਾ ਚੋਣ ਜ਼ਾਬਤੇ ਦੀਆਂ ਧੱਜੀਆਂ ਸਰਕਾਰੀ ਜਾਇਦਾਦਾਂ 'ਤੇ ਪੋਸਟਰ ਅਤੇ ਹੋਰਡਿੰਗ ਚਿਪਕਾ ਕੇ ਉਡਾਈਆਂ ਜਾ ਰਹੀਆਂ ਹਨ। ਉਥੇ ਪ੍ਰਾਈਵੇਟ ਜਾਇਦਾਦ ਯਾਨੀ ਕਿਸੇ ਦੇ ਘਰ ਦੇ ਬਾਹਰ ਵੀ ਉਮੀਦਵਾਰ ਬਿਨਾਂ ਇਜਾਜ਼ਤ ਦੇ ਹੀ ਆਪਣੇ ਪੋਸਟਰ ਅਤੇ ਬੈਨਰ ਚਿਪਕਾ ਰਹੇ ਹਨ। ਪਰੇਸ਼ਾਨ ਲੋਕ ਖੁਦ ਇਸ ਦੀ ਸ਼ਿਕਾਇਤ ਲੈ ਕੇ ਜ਼ਿਲਾ ਪ੍ਰਸ਼ਾਸਨ ਦੇ ਦਰਬਾਰ ਪਹੁੰਚ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਖਾਮੋਸ਼ ਬੈਠਾ ਹੈ, ਜਿਸ ਦਾ ਪਤਾ ਕਿਸੇ ਵੀ ਕੇਸ 'ਚ ਕੋਈ ਕਾਰਵਾਈ ਨਾ ਹੋਣ ਤੋਂ ਲੱਗਦਾ ਹੈ। ਇਥੋਂ ਤੱਕ ਕਿ ਪ੍ਰਸ਼ਾਸਨ ਵਲੋਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਵੀ ਉਨ੍ਹਾਂ ਨਾਲ ਵੱਖ ਤੋਂ ਇਸ ਸਬੰਧ ਵਿਚ ਕੋਈ ਮੀਟਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਉਮੀਦਵਾਰਾਂ ਤੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਜਾਗਰੂਕ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਉਮੀਦਵਾਰਾਂ ਦੇ ਵਰਕਰ ਖੁੱਲ੍ਹੇਆਮ ਲੋਕਾਂ ਦੇ ਘਰਾਂ ਦੇ ਬਾਹਰ ਆਪਣੇ ਪੋਸਟਰ ਅਤੇ ਬੈਨਰ ਟੰਗ ਰਹੇ ਹਨ।
ਉਥੇ ਸਰਕਾਰੀ ਜਾਇਦਾਦਾਂ 'ਤੇ ਕੀਤੇ ਜਾ ਰਹੇ ਪ੍ਰਚਾਰ ਦਾ ਵੀ ਜ਼ਿਲਾ ਪ੍ਰਸ਼ਾਸਨ ਵਲੋਂ ਖੁਦ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ। ਡੀ. ਸੀ. ਆਫਿਸ ਵਿਚ ਬਣੇ ਕੰਪਲੇਂਟ ਸੈੱਲ ਵਿਚ ਹਾਲੇ ਤੱਕ 30 ਦੇ ਕਰੀਬ ਸ਼ਿਕਾਇਤਾਂ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਆ ਚੁੱਕੀਆਂ ਹਨ। 
ਸੋਮਵਾਰ ਨੂੰ ਕੰਪਲੇਂਟ ਸੈੱਲ ਕੋਲ ਵਾਰਡ 25, 26, 33 ਤੇ 66 ਤੋਂ 4 ਸ਼ਿਕਾਇਤਾਂ ਆਈਆਂ ਹਨ। ਇਹ ਸਾਰੀਆਂ ਸ਼ਿਕਾਇਤਾਂ ਵੀ ਘਰਾਂ ਦੇ ਬਾਹਰ ਬਿਨਾਂ ਇਜਾਜ਼ਤ ਪੋਸਟਰ ਅਤੇ ਬੈਨਰ ਚਿਪਕਾਉਣ ਸਬੰਧੀ ਹਨ। ਇਸ ਸਬੰਧ ਵਿਚ ਡੀ. ਸੀ. ਅਤੇ ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਸਾਰੀਆਂ ਸ਼ਿਕਾਇਤਾਂ ਨੂੰ ਵਾਰਡ ਪੱਧਰ 'ਤੇ ਬਣੀਆਂ ਕਮੇਟੀਆਂ ਕੋਲ ਭੇਜਿਆ ਜਾ ਰਿਹਾ ਹੈ ਅਤੇ ਨਾਲ ਹੀ ਸ਼ਿਕਾਇਤ ਦੀ ਇਕ ਕਾਪੀ ਰਿਟਰਨਿੰਗ ਅਧਿਕਾਰੀ ਨੂੰ ਭੇਜ ਕੇ ਕਾਰਵਾਈ ਕਰਨ ਨੂੰ ਕਿਹਾ ਜਾ ਰਿਹਾ ਹੈ। 
ਸੋਸ਼ਲ ਮੀਡੀਆ 'ਤੇ ਪ੍ਰਚਾਰ ਨਾਲ ਤੈਅ ਹੋ ਰਹੀ ਹੈ ਜਿੱਤ ਅਤੇ ਹਾਰ
ਜ਼ਿਆਦਾਤਰ ਉਮੀਦਵਾਰ ਸੋਸ਼ਲ ਮੀਡੀਆ ਨੂੰ ਪ੍ਰਚਾਰ ਦਾ ਨਵਾਂ ਜ਼ਰੀਆ ਬਣਾ ਰਹੇ ਹਨ। ਸੋਸ਼ਲ ਮੀਡੀਆ ਉਨ੍ਹਾਂ ਲਈ ਵਰਦਾਨ ਬਣ ਕੇ ਸਾਹਮਣੇ ਆਇਆ ਹੈ। ਭਾਵੇਂ ਫੇਸਬੁੱਕ ਹੋਵੇ ਜਾਂ ਟਵਿਟਰ ਜਾਂ ਹੋਰ ਸੋਸ਼ਲ ਸਾਈਟਸ ਹਰ ਉਮੀਦਵਾਰ ਇਸ ਹਾਈਟੈੱਕ ਪ੍ਰਚਾਰ ਨੂੰ ਅਪਣਾ ਰਿਹਾ ਹੈ। ਇਸ ਲਈ ਸਾਰੇ ਉਮੀਦਵਾਰਾਂ ਨੇ ਕਈ ਨੌਜਵਾਨਾਂ ਨੂੰ ਹਾਈਜੈੱਕ ਵੀ ਕੀਤਾ ਹੈ। ਸਵੇਰ ਤੋਂ ਸ਼ਾਮ ਤੱਕ ਸਿਰਫ ਉਹ ਆਪਣੇ ਪ੍ਰਚਾਰ ਦੀਆਂ ਫੋਟੋਆਂ ਇਸ 'ਤੇ ਪਾ ਰਹੇ ਹਨ। ਬਲਕਿ ਨਾਲ ਹੀ ਨਾਲ ਉਹ ਫੇਸਬੁੱਕ ਲਾਈਵ, ਫੇਸਬੁੱਕ ਮੈਸੰਜਰ ਅਤੇ ਹੋਰ ਲਾਈਵ ਸੋਸ਼ਲ ਸਾਈਟ ਦਾ ਭਰਪੂਰ ਫਾਇਦਾ ਆਪਣੇ ਪ੍ਰਚਾਰ ਲਈ ਕਰ ਰਹੇ ਹਨ। ਰਾਜਨੀਤਕ ਪਾਰਟੀਆਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਦਾ ਪ੍ਰਚਾਰ ਇਕ ਸੌਖਾ ਤਰੀਕਾ ਹੈ ਅਤੇ ਇਸ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਕਈ ਉਮੀਦਵਾਰ ਤਾਂ ਖੁਦ ਨੂੰ ਮਿਲਣ ਵਾਲੇ ਲਾਈਕ ਜਾਂ ਕੁਮੈਂਟ ਦਾ ਮੁਕਾਬਲਾ ਵੀ ਆਪਣੇ ਵਿਰੋਧੀ ਉਮੀਦਵਾਰ ਨਾਲ ਕਰ ਰਹੇ ਹਨ ਅਤੇ ਇਸ ਨਾਲ ਹਾਰ ਅਤੇ ਜਿੱਤ ਦਾ ਦਾਇਰਾ ਤੈਅ ਕੀਤਾ ਜਾ ਰਿਹਾ ਹੈ।


Related News