ਨਗਰ ਕੌਂਸਲ ਨੇ ਨਾਜਾਇਜ਼ ਕਬਜ਼ਾ ਹਟਾਇਆ

12/12/2017 6:29:35 AM

ਸਮਾਣਾ, (ਦਰਦ)- ਨਗਰ ਕੌਂਸਲ ਸਮਾਣਾ ਵੱਲੋਂ ਕਾਰਜਕਾਰੀ ਅਧਿਕਾਰੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਟੀਮ ਨੇ ਸੋਮਵਾਰ ਨੂੰ ਸ਼ਹਿਰ ਦੀ ਇਕ ਪ੍ਰਾਈਮ ਲੋਕੇਸ਼ਨ ਏਰੀਆ ਵਿਚ ਕਰੋੜਾਂ ਰੁਪਏ ਦੇ ਕੀਮਤ ਦੀ ਸਰਕਾਰੀ ਜ਼ਮੀਨ 'ਤੇ ਕੀਤੇ ਜਾ ਰਹੇ  ਨਾਜਾਇਜ਼ ਨਿਰਮਾਣ ਉੱਤੇ 'ਪੀਲਾ ਪੰਜਾ' ਚਲਾ ਕੇ ਨਾਜਾਇਜ਼ ਕਬਜ਼ੇ ਦਾ ਯਤਨ ਅਸਫਲ ਕਰ ਦਿੱਤਾ ਗਿਆ। 
ਕੌਂਸਲ ਟੀਮ ਵਿਚ ਈ. ਓ. ਨਾਲ ਐੱਮ. ਈ. ਰਾਜੀਵ ਗੋਇਲ ਅਤੇ ਜੇ. ਈ. ਤਾਰਾ ਚੰਦ ਸਮੇਤ ਕੌਂਸਲ ਦਫ਼ਤਰ ਸਟਾਫ ²ਦੇ ਕਈ ਹੋਰ ਮੁਲਾਜ਼ਮ ਵੀ ਸ਼ਾਮਲ ਸਨ।
ਇਸ ਸਬੰਧੀ ਈ. ਓ. ਪਰਮਿੰਦਰ ਸਿੰਘ ਅਤੇ ਐੱਮ. ਈ. ਰਾਜੀਵ ਨੇ ਦੱਸਿਆ ਕਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਖ ਗੇਟ ਦੇ ਸਾਹਮਣੇ ਨਗਰ ਕੌਂਸਲ ਦੀ ਇਸ ਜ਼ਮੀਨ ਦੇ ਪਿੱਛੇ ਕਮਰਸ਼ੀਅਲ ਬਿਲਡਿੰਗ ਬਣਾ ਰਹੇ ਮਾਲਕਾਂ ਵੱਲੋਂ ਅੱਗੇ ਪਿੱਲਰ ਬਣਾ ਕੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਕੌਂਸਲ ਵੱਲੋਂ ਰੋਕਣ ਦੇ ਬਾਵਜੂਦ ਵੀ ਨਿਰਮਾਣ ਕਾਰਜ ਨਹੀਂ ਰੋਕਿਆ ਗਿਆ। ਇਕ ਦਿਨ ਪਹਿਲਾਂ ਇਸ ਨੂੰ ਹਟਾਉਣ ਲਈ ਪਹੁੰਚੀ ਕੌਂਸਲ ਟੀਮ ਨੂੰ ਕਮਰਸ਼ੀਅਲ ਬਿਲਡਿੰਗ ਬਣਾ ਰਹੇ ਮਾਲਕਾਂ ਵੱਲੋਂ ਕੁਝ ਵਾਹਨ ਅੱਗੇ ਖੜ੍ਹੇ ਕਰ ਕੇ ਰੋਕ ਦਿੱਤਾ ਗਿਆ ਸੀ। ਕੌਂਸਲ ਟੀਮ ਹੋ ਰਹੇ ਨਾਜਾਇਜ਼ ਨਿਰਮਾਣ ਤੱਕ ਨਹੀਂ ਪਹੁੰਚ ਸਕੀ। ਸਿਰਫ਼ ਥੋੜ੍ਹੀ ਜਿਹੀ ਥਾਂ ਨੂੰ ਢਾਹ ਕੇ ਵਾਪਸ ਆਉੁਣ ਲਈ ਮਜਬੂਰ ਹੋ ਗਈ ਸੀ। 
ਇਸੇ ਬਚੇ ਨਾਜਾਇਜ਼ ਨਿਰਮਾਣ ਕਾਰਜ ਨੂੰ ਹਟਾਉਣ ਲਈ ਅੱਜ ਟੀਮ ਗਈ ਅਤੇ ਉਸ ਨੂੰ ਹਟਾ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਸੜਕ ਨਾਲ ਲਗਦੀ ਲਗਭਗ 2000 ਸੁਕੇਅਰ ਫੁੱਟ ਜ਼ਮੀਨ 'ਤੇ ਬੀ. ਐਂਡ ਆਰ. ਵਿਭਾਗ ਦਾ ਦਫ਼ਤਰ ਅਤੇ ਸਟੋਰ ਬਣਿਆ ਹੋਇਆ ਸੀ। ਇਥੇ ਸੜਕ ਨੂੰ ਚੌੜਾ ਬਣਾਉਣ ਲਈ ਦਫ਼ਤਰ ਛੱਡਣ ਤੋਂ ਬਾਅਦ ਭਵਨ ਨਿਰਮਾਣ ਵਿਭਾਗ ਨੇ ਨਗਰ ਕੌਂਸਲ ਨੂੰ ਦੇ ਦਿੱਤਾ। 
ਕੌਂਸਲ ਇਥੇ ਇਕ ਪਾਰਕ ਦਾ ਨਿਰਮਾਣ ਕਰਨਾ ਚਾਹੁੰਦੀ ਸੀ। ਇਸ ਸਬੰਧੀ ਕੌਂਸਲ ਦੀ ਮੀਟਿੰਗ ਵਿਚ ਮਤਾ ਵੀ ਪਾਸ ਕਰ ਦਿੱਤਾ ਗਿਆ ਸੀ। ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚਣ ਉਪਰੰਤ ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਨੇ ਇਸ ਮਤੇ ਨੂੰ ਰੋਕ ਦਿੱਤਾ। ਵਰਣਨਯੋਗ ਹੈ ਕਿ ਕਰੋੜਾਂ ਰੁਪਏ ਕੀਮਤ ਦੀ ਇਸ ਪ੍ਰਾਈਮ ਲੋਕੇਸ਼ਨ 'ਤੇ ਪਈ ਕੌਂਸਲ ਦੀ ਜ਼ਮੀਨ ਉੱਤੇ ਇਕ ਲੰਮੇ ਸਮੇਂ ਤੋਂ ਕਈ ਭੂ-ਮਾਫੀਆ ਵੀ ਨਜ਼ਰ ਲਾਈ ਬੈਠੇ ਸਨ। ਨਗਰ ਕੌਂਸਲ ਦੇ ਈ. ਓ. ਨੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੌਂਸਲ ਦੀ ਸਰਕਾਰੀ ਜ਼ਮੀਨ 'ਤੇ ਕਿਸੇ ਕਬਜ਼ਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।


Related News