ਨਗਰ ਨਿਗਮ ਚੋਣਾਂ : ਅੰਮਿ੍ਤਸਰ ’ਚ ਆਪ, ਬਸਪਾ ਤੇ ਸੀਪੀਆਈ ਵਿਚਾਲੇ ਸਮਝੌਤਾ

12/10/2017 4:15:55 PM

ਅੰਮਿ੍ਤਸਰ (ਬਿਊਰੋ) - ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ ਵਿਚਕਾਰ ਸਾਂਝੇ ਤੌਰ ’ਤੇ ਚੋਣਾਂ ਲਡ਼ਨ ਦਾ ਸਮਝੌਤਾ ਹੋਇਆ ਹੈ, ਜਿਸ ਤਹਿਤ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ)ਦੇ ਬਾਕੀ ਵਾਰਡਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਗੱਠਜੋਡ਼ ਤਹਿਤ ਚੋਣਾਂ ਲਡ਼ਨਗੇ। ਸ਼ਨੀਵਾਰ ਅੰਮਿ੍ਤਸਰ ’ਚ ਤਿੰਨ ਸਿਆਸੀ ਪਾਰਟੀਆਂ ਦੇ ਆਗੂਆਂ ਵਿਚਕਾਰ ਮੀਟਿੰਗ ਹੋਈ, ਜਿਸ ’ਚ ਆਮ ਆਦਮੀ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਤੇ ਅਸ਼ੋਕ ਤਲਵਾਰ, ਸੀਪੀਆਈ ਵੱਲੋਂ ਜ਼ਿਲਾ ਸਕੱਤਰ ਅਮਰਜੀਤ ਸਿੰਘ ਆਲਸ, ਚਰਨ ਦਾਸ, ਮੋਹਨ ਲਾਲ, ਦਵਿੰਦਰ ਕੌਰ ਤੇ ਬਸਪਾ ਵੱਲੋਂ ਸੂਬਾਈ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਤਰਸੇਮ ਭੋਲਾ ਤੇ ਹੋਰ ਸ਼ਾਮ ਹਨ। ਪੱਤਰਕਾਰ ਸੰਮੇਲਨ ’ਚ ਆਗੂਆਂ ਨੇ ਨਿਗਮ ਚੋਣਾਂ ਗੱਠਜੋਡ਼ ਦੇ ਝੰਡੇ ਹੇਠ ਲਡ਼ਨ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਹ ਗਠਜੋਡ਼ ਦਾ ਫੈਸਲਾ ਕਰਨ ’ਚ ਦੇਰ ਹੋਈ ਹੈ ਪਰ ਇਹ ਭਵਿੱਖ ਲਈ ਚੰਗੀ ਸ਼ੁਰੂਆਤ ਹੈ। ਆਮ ਆਦਮੀ ਪਾਰਟੀ ਦੇ ਸ਼ਿਕਾਇਤ ’ਤੇ ਅਨੁਸ਼ਾਸਨੀ ਕਮੇਟੀ ਦੇ ਮੁਖੀ ਡਾ. ਇੰਦਰਬੀਰ ਸਿੰਘ ਨਿੱਜਰ, ਜੋ ਸਥਾਨਕ ਉਮੀਦਵਾਰ ਚੋਣ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਹ ਆਪਸੀ ਸਮਝੌਤਾ ਸਥਾਨਕ ਪੱਧਰ ਤੇ ਹੋਇਆ ਹੈ, ਜਿਸ ਤਹਿਤ ਤਿੰਨਾਂ ਪਾਰਟੀਆਂ ਦੇ ਉਮੀਦਵਾਰ ਚੋਣਾਂ ਲਡ਼ਨਗੇ। ਸੀਪੀਆਈ ਦੇ ਆਗੂ ਅਮਰਜੀਤ ਸਿੰਘ ਆਸਲ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਇਕੱਠਿਆਂ ਲਡ਼ਨ ਦੇ ਸਮਝੌਤੇ ਤਹਿਤ ਸੀਪੀਆਈ ਦੇ ਅੱਠ ਉਮੀਦਵਾਰ ਮੈਦਾਨ ’ਚ ਹਨ। ਇਹ ਉਮੀਦਵਾਰ ਵਾਰਡ ਨੰਬਰ. 1, 20, 23, 25, 56, 58, 70 ਤੇ 80 ਤੋਂ ਚੋਣ ਮੈਦਾਨ ’ਚ ਹਨ। ਵਾਰਡ ਨੰ. 25 ਤੋਂ ਆਪ ਵੱਲੋਂ ਸੀਪੀਆਈ ਉਮੀਦਵਾਰ ਪ੍ਰਵੇਸ਼ ਰਾਣੀ ਦੀ ਮਦਦ ਕੀਤੀ ਜਾਵੇਗੀ। ਇਸੇ ਤਰ੍ਹਾਂ ਬਸਪਾ 11 ਸੀਟਾਂ ਤੋਂ ਚੋਣ ਲਡ਼ੇਗੀ, ਜਿਨ੍ਹਾਂ ’ਚ ਉਸ ਦੇ ਵਾਰਡ ਨੰ. 6, 13, 14, 15, 26, 30, 40, 46, 55, 68 ਤੇ 75 ਤੋਂ ਉਮੀਦਵਾਰ ਮੈਦਾਨ ’ਚ ਹਨ। ਇਹ ਸਾਰੇ ਉਮੀਦਵਾਰ ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ’ਚ ਹਨ। ਬਸਪਾ ਆਗੂ ਮਨਜੀਤ ਸਿੰਘ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਉਮੀਦਵਾਰ ਆਪੋ ਆਪਣੇ ਨਿਸ਼ਾਨ ਉਤੇ ਚੋਣ ਲਡ਼ ਰਹੇ ਹਨ। ਜਦੋਂਕਿ ਸੀਪੀਆਈ ਦੇ ਉਮੀਦਵਾਰ ਦਾਤਰੀ ਸਿੱਟੇ ਦੇ ਨਿਸ਼ਾਨ ’ਤੇ ਆਪ ਦੇ ਉਮੀਦਵਾਰ ਝਾਡ਼ੂ ਦੇ ਨਿਸ਼ਾਨ ’ਤੇ ਚੋਣ ਲਡ਼ਨਗੇ। ਇਨ੍ਹਾਂ ਸਿਆਸੀ ਆਗੂਆਂ ਨੇ ਐਲਾਨ ਕੀਤਾ ਕਿ ਚੋਣਾਂ ’ਚ ਪ੍ਰਚਾਰ ਦੌਰਾਨ ਜਾਂ ਵੋਟਾਂ ਪਾਉਣ ਸਮੇਂ ਹਾਕਮ ਧਿਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਧੱਕੇਸ਼ਾਹੀ ਦਾ ਡਟ ਕੇ ਸਾਹਮਣਾ ਕਰਨਗੀਆਂ। ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ 62 ਉਮੀਦਵਾਰ ਮੈਦਾਨ ’ਚ ਹਨ। 
ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਮਗਰੋਂ ਹੁਣ 413 ਉਮੀਦਵਾਰ ਮੈਦਾਨ ’ਚ ਹਨ। ਜਿਨ੍ਹਾਂ ’ਚੋਂ 156 ਆਜ਼ਾਦ ਉਮੀਦਵਾਰ ਹਨ। ਇਨ੍ਹਾਂ ਚੋਣਾਂ ਵਾਸਤੇ 609 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਈ ਹਨ। ਜਿਨ੍ਹਾਂ ’ਚੋਂ 27 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ ਤੇ ਹੁਣ 169 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ। ਕੁਲ 413 ਉਮੀਦਵਾਰਾਂ ’ਚੋਂ 85 ਉਮੀਦਵਾਰ ਕਾਂਗਰਸ ਦੇ ਹਨ ਜਦਕਿ ਭਾਜਪਾ ਦੇ 50, ਸ਼੍ਰੋਮਣੀ ਅਕਾਲੀ ਦਲ ਦੇ 36 ਤੇ ਆਪ ਦੇ 62 ਉਮੀਦਵਾਰ ਮੈਦਾਨ ’ਚ ਹਨ। ਸੀਪੀਆਈ ਦੇ 8. ਸੀਪੀਆਈਐੱਮ ਦੇ 3, ਆਪਣਾ ਪੰਜਾਬ ਪਾਰਟੀ ਦੇ 9, ਸ਼੍ਰੋਮਣੀ ਲੋਕ ਦਲ ਦੇ ਤਿੰਨ ਉਮੀਦਵਾਰ ਮੈਦਾਨ ’ਚ ਹਨ। 


Related News