ਨਾਈਟ ਸ਼ੈਲਟਰ 'ਤੇ ਲੱਗੇ ਤਾਲੇ, ਠੰਡ 'ਚ ਸੜਕਾਂ 'ਤੇ ਠਰਦੇ ਰਹੇ ਲੋਕ

12/13/2017 4:42:52 AM

ਲੁਧਿਆਣਾ(ਹਿਤੇਸ਼)-ਜੋ ਲੋਕ ਸੜਕਾਂ ਕੰਢੇ ਰਾਤ ਗੁਜ਼ਾਰਦੇ ਹਨ, ਸਰਦੀ ਦੇ ਮੌਸਮ 'ਚ ਉਨ੍ਹਾਂ ਬੇਘਰੇ ਲੋਕਾਂ ਦੀ ਮੁਸ਼ਕਲ ਵੱਧ ਗਈ ਹੈ ਕਿਉਂਕਿ ਉਨ੍ਹਾਂ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਬਣਾਏ ਗਏ ਨਾਈਟ ਸ਼ੈਲਟਰਾਂ 'ਤੇ ਤਾਲੇ ਲਟਕ ਰਹੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਕੇਂਦਰ ਸਰਕਾਰ ਨੇ ਕੁੱਝ ਸਮਾਂ ਪਹਿਲਾਂ ਲੁਧਿਆਣਾ 'ਚ ਨਾਈਟ ਸ਼ੈਲਟਰ ਬਣਾਉਣ ਲਈ ਕਰੀਬ 60 ਲੱਖ ਦੀ ਗ੍ਰਾਂਟ ਜਾਰੀ ਕੀਤੀ ਸੀ। ਉਸ ਪੈਸੇ ਨੂੰ ਖਰਚ ਕਰਨ ਲਈ ਨਗਰ ਨਿਗਮ ਨੇ ਮੋਤੀ ਨਗਰ 'ਚ ਪਈ ਜਗ੍ਹਾ ਦੀ ਚੋਣ ਕੀਤੀ, ਜਿਥੇ ਨਾਈਟ ਸ਼ੈਲਟਰ ਕਾਫੀ ਦੇਰ ਤੋਂ ਬਣ ਕੇ ਤਿਆਰ ਹੈ ਪਰ ਬਿਜਲੀ ਕੁਨੈਕਸ਼ਨ ਨਾ ਮਿਲਣ ਦੀ ਉਡੀਕ 'ਚ ਆਪਰੇਸ਼ਨਲ ਨਾ ਹੋਣ ਕਾਰਨ ਸ਼ੋਅਪੀਸ ਬਣ ਕੇ ਰਹਿ ਗਿਆ ਹੈ। ਇਹੀ ਹਾਲ ਹੈਬੋਵਾਲ ਡੇਅਰੀ ਕੰਪਲੈਕਸ 'ਚ ਬਣੇ ਨਾਈਟ ਸ਼ੈਲਟਰ ਦਾ ਵੀ ਹੈ ਕਿਉਂਕਿ ਇਨ੍ਹਾਂ ਦੋਵਾਂ ਨਾਈਟ ਸ਼ੈਲਟਰਾਂ ਨੇੜੇ ਨਾ ਤਾਂ ਬੱਸ ਅੱਡਾ ਜਾਂ ਰੇਲਵੇ ਸਟੇਸ਼ਨ ਹੈ ਤੇ ਨਾ ਹੀ ਕੋਈ ਧਾਰਮਕ ਜਗ੍ਹਾ, ਜਿਥੇ ਆਮ ਤੌਰ 'ਤੇ ਰਾਤ ਕੱਟਣ ਵਾਲੇ ਲੋਕਾਂ ਨੂੰ ਛੱਤ ਦੇ ਰੂਪ 'ਚ ਕਿਸੇ ਜਗ੍ਹਾ ਦੀ ਲੋੜ ਪੈਂਦੀ ਹੈ, ਜਦੋਂਕਿ ਸ਼ਹਿਰ ਤੋਂ ਕਾਫੀ ਦੂਰ ਹੋਣ ਕਾਰਨ ਲੋਕ ਇਨ੍ਹਾਂ ਦੋਵਾਂ ਨਾਈਟ ਸ਼ੈਲਟਰਾਂ ਤੱਕ ਨਹੀਂ ਪਹੁੰਚ ਪਾਉਂਦੇ ਅਤੇ ਰਾਤ ਨੂੰ ਸੜਕਾਂ 'ਤੇ ਠਰਨ ਨੂੰ ਮਜਬੂਰ ਹਨ।
ਭਿਖਾਰੀਆਂ ਦੇ ਮੁੜ ਵਸੇਬੇ ਦੀ ਯੋਜਨਾ ਵੀ ਹੋਈ ਠੱਪ
ਕੁੱਝ ਸਮਾਂ ਪਹਿਲਾਂ ਨਗਰ ਨਿਗਮ, ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਭਿਖਾਰੀਆਂ ਦੀ ਸਮੱਸਿਆ 'ਤੇ ਕਾਬੂ ਪਾਉਣ ਲਈ ਇਕ ਮੁਹਿੰਮ ਚਲਾਈ ਸੀ, ਜਿਸ ਤਹਿਤ ਉਨ੍ਹਾਂ ਨੂੰ ਜਬਰਨ ਫੜ ਕੇ ਨਾਈਟ ਸ਼ੈਲਟਰ 'ਚ ਲਿਜਾਇਆ ਗਿਆ। ਉਨ੍ਹਾਂ ਨੂੰ ਕੰਮ ਕਰਨ ਦੀ ਪੇਸ਼ਕਸ਼ ਕੀਤੀ ਗਈ, ਜੋ ਨਹੀਂ ਮੰਨੇ, ਉਨ੍ਹਾਂ ਨੂੰ ਟਰੇਨ ਵਿਚ ਬਿਠਾ ਕੇ ਪਿੰਡ ਭੇਜਿਆ ਗਿਆ ਅਤੇ ਕਈਆਂ ਨੂੰ ਜੇਲ ਦੀ ਹਵਾ ਵੀ ਖਾਣੀ ਪਈ ਪਰ ਉਹ ਮੁਹਿੰਮ ਠੱਪ ਹੋਣ ਕਾਰਨ ਇਨ੍ਹਾਂ ਭਿਖਾਰੀਆਂ ਦੇ ਰੂਪ ਵਿਚ ਸੜਕਾਂ ਕੰਡੇ ਰਾਤ ਗੁਜ਼ਾਰਨ ਵਾਲੇ ਲੋਕਾਂ ਦੀ ਗਿਣਤੀ ਫਿਰ ਵੱਧ ਗਈ ਹੈ।
ਸਿਵਲ ਹਸਪਤਾਲ 'ਚ ਰੈਣ ਬਸੇਰਾ ਬਣਾਉਣ ਦੀ ਯੋਜਨਾ ਵੀ ਠੰਡੇ ਬਸਤੇ 'ਚ
ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਦੀਆਂ ਗਾਈਡਲਾਈਨਜ਼ ਦੇ ਮੁਤਾਬਕ ਸਿਰਫ ਸੜਕਾਂ 'ਤੇ ਰਾਤ ਗੁਜ਼ਾਰਨ ਵਾਲਿਆਂ ਲਈ ਨਾਈਟ ਸ਼ੈਲਟਰ ਬਣਾਉਣ ਦੀ ਜਗ੍ਹਾ ਉਨ੍ਹਾਂ ਲੋਕਾਂ ਲਈ ਰੈਣ ਬਸੇਰਾ ਬਣਾਉਣ ਦਾ ਵੀ ਹੁਕਮ ਹੈ, ਜੋ ਦੂਜੇ ਸ਼ਹਿਰ ਤੋਂ ਆ ਕੇ ਰਾਤ ਨੂੰ ਵਾਪਸ ਆਪਣੇ ਘਰ ਨਾ ਪਰਤ ਸਕਣ ਦੀ ਹਾਲਤ ਵਿਚ ਜਗ੍ਹਾ ਦੀ ਭਾਲ 'ਚ ਰਹਿੰਦੇ ਹਨ। ਇਸ ਦੇ ਮੱਦੇਨਜ਼ਰ ਸਿਵਲ ਹਸਪਤਾਲ ਵਿਚ ਰੈਣ ਬਸੇਰਾ ਬਣਾਉਣ ਦੀ ਯੋਜਨਾ ਵੀ ਬਣਾਈ ਗਈ ਪਰ ਉਹ ਠੰਡੇ ਬਸਤੇ ਵਿਚ ਪਈ ਹੈ।


Related News