ਨਾਜਾਇਜ਼ ਤੌਰ ''ਤੇ ਸੜਕ ਪੁੱਟ ਕੇ ਤਾਰਾਂ ਪਾਉਣ ਲਿਆਂਦੇ ਸਾਮਾਨ ਨੂੰ ਨਗਰ ਨਿਗਮ ਨੇ ਕਬਜ਼ੇ ''ਚ ਲਿਆ

12/11/2017 12:04:53 PM

ਹੁਸ਼ਿਆਰਪੁਰ (ਘੁੰਮਣ)— ਨਗਰ ਨਿਗਮ ਵੱਲੋਂ ਬਣਾਈਆਂ ਗਈਆਂ ਨਵੀਆਂ ਸੜਕਾਂ ਨੂੰ ਕੁਝ ਪ੍ਰਾਈਵੇਟ ਕੰਪਨੀਆਂ ਵੱਲੋਂ ਨਾਜਾਇਜ਼ ਤੌਰ 'ਤੇ ਤੋੜ ਕੇ ਤਾਰਾਂ ਪਾਉਣ ਦੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਹੋਏ ਮੇਅਰ ਸ਼ਿਵ ਸੂਦ ਨੇ ਸਬੰਧਤ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਸਬੰਧੀ ਹੁਕਮ ਦਿੰਦਿਆਂ ਦੱਸਿਆ ਕਿ ਵਾਰਡ ਨੰ. 42 ਦੇ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਵੱਲੋਂ ਬੀਤੀ ਰਾਤ ਲਗਭਗ 10.30 ਵਜੇ ਫਗਵਾੜਾ ਰੋਡ 'ਤੇ ਇਕ ਪ੍ਰਾਈਵੇਟ ਕੰਪਨੀ ਵੱਲੋਂ ਸੜਕ ਪੁੱਟ ਕੇ ਤਾਰਾਂ ਪਾਉਣ ਸਬੰਧੀ ਜਾਣਕਾਰੀ ਦੇਣ 'ਤੇ ਉਨ੍ਹਾਂ ਤੁਰੰਤ ਨਗਰ ਨਿਗਮ ਦੇ ਐੱਸ. ਡੀ. ਓ. ਕੁਲਦੀਪ ਸਿੰਘ ਨੂੰ ਮੌਕੇ 'ਤੇ ਭੇਜਿਆ। 
ਐੱਸ. ਡੀ. ਓ. ਨੇ ਸੜਕ ਪੁੱਟ ਰਹੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੂੰ ਇਸ ਸਬੰਧੀ ਨਗਰ ਨਿਗਮ ਤੋਂ ਲਈ ਮਨਜ਼ੂਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਮਨਜ਼ੂਰੀ ਨਾ ਹੋਣ 'ਤੇ ਉਨ੍ਹਾਂ ਸੜਕ ਪੁੱਟਣ ਵਾਲਾ ਸਾਮਾਨ, ਤਾਰਾਂ ਅਤੇ ਸਾਮਾਨ ਨਾਲ ਭਰਿਆ ਫੋਰ-ਵ੍ਹੀਲਰ ਕਬਜ਼ੇ ਵਿਚ ਲੈ ਕੇ ਉਨ੍ਹਾਂ ਵਿਰੁੱਧ ਕਾਰਵਾਈ ਆਰੰਭ ਦਿੱਤੀ ਹੈ। ਐੱਸ. ਡੀ. ਓ. ਕੁਲਦੀਪ ਸਿੰਘ ਨੇ ਪ੍ਰਾਈਵੇਟ ਕੰਪਨੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਦੀ ਕਿਸੇ ਵੀ ਸੜਕ ਜਾਂ ਗਲੀ ਨੂੰ ਤੋੜਨ/ਪੁੱਟਣ ਤੋਂ ਪਹਿਲਾਂ ਅਗਾਊਂ ਪ੍ਰਵਾਨਗੀ ਲਈ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ ਨਗਰ ਨਿਗਮ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News