ਕਿਸਾਨਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

10/17/2017 6:58:59 AM

ਫ਼ਤਿਹਗੜ੍ਹ ਸਾਹਿਬ(ਜ.ਬ.)-ਨਗਰ ਕੌਂਸਲ ਸਰਹਿੰਦ ਵਲੋਂ ਮਾਧੋਪੁਰ ਚੌਕ ਨੇੜੇ 121 ਕਨਾਲ ਜ਼ਮੀਨ ਵਿਚ ਖੜ੍ਹੀ ਕਿਸਾਨਾਂ ਦੀ ਫਸਲ ਕੱਟਣ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਉਹ 1992 ਤੋਂ ਇਸ ਜ਼ਮੀਨ ਵਿਚ ਖੇਤੀ ਕਰਦੇ ਆ ਰਹੇ ਹਨ ਤੇ ਜ਼ਮੀਨ ਦੀ ਰਜਿਸਟਰੀ ਵੀ ਉਨ੍ਹਾਂ ਦੇ ਨਾਂ 'ਤੇ ਹੈ। ਉਨ੍ਹਾਂ ਕਰਜ਼ਾ ਲੈ ਕੇ ਫਸਲ ਬੀਜੀ ਸੀ ਪਰ ਨਗਰ ਕੌਂਸਲ ਵਲੋਂ ਜ਼ਬਰਦਸਤੀ ਉਨ੍ਹਾਂ ਦੀ ਫਸਲ ਵੱਢ ਲਈ ਗਈ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਪਹਿਲਾਂ ਹੀ ਆਰਥਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਉੱਪਰੋਂ ਨਗਰ ਕੌਂਸਲ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਫਸਲ ਦਾ ਮੁੱਲ ਨਾ ਮਿਲਿਆ ਤਾਂ ਉਹ ਖੁਦਕੁਸ਼ੀਆਂ ਕਰਨਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਤੇ ਪ੍ਰਸ਼ਾਸਨ ਦੀ ਹੋਵੇਗੀ। ਕੀ ਕਹਿਣਾ ਹੈ ਈ. ਓ. ਦਾ : ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਗਿਆ, ਜੇਕਰ ਕਿਸਾਨ ਲਿਖਤ ਰੂਪ ਵਿਚ ਸ਼ਿਕਾਇਤ ਦਿੰਦੇ ਹਨ ਤਾਂ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। 


Related News