ਨਗਰ ਨਿਗਮ ਦੀ ਟੀਮ ਨੇ ਦੁਕਾਨਦਾਰਾਂ ਦੇ ਕੱਟੇ ਚਲਾਨ

10/17/2017 2:41:58 AM

ਫਗਵਾੜਾ, (ਹਰਜੋਤ)- ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ 'ਚ ਟ੍ਰੈਫਿਕ ਦੀ ਸਮੱਸਿਆ ਹੱਲ ਕਰਨ ਲਈ ਨਗਰ ਨਿਗਮ ਤੇ ਪੁਲਸ ਦੀ ਟੀਮ ਨੇ ਸਿਨੇਮਾ ਰੋਡ, ਗਊਸ਼ਾਲਾ ਰੋਡ, ਸਰਾਏ ਰੋਡ, ਬੰਗਾ ਰੋਡ, ਗੁੜ ਮੰਡੀ ਦਾ ਦੌਰਾ ਕੀਤਾ ਅਤੇ ਸੜਕਾਂ ਦੇ ਕੰਢੇ ਤਕ ਸਾਮਾਨ ਰੱਖਣ ਵਾਲੇ 4 ਦੁਕਾਨਦਾਰਾਂ ਦੇ ਚਲਾਨ ਕੱਟੇ। 
ਨਗਰ ਨਿਗਮ ਅਤੇ ਪੁਲਸ ਦੀ ਟੀਮ ਜਿਉਂ ਹੀ ਬਾਜ਼ਾਰਾਂ 'ਚ ਗਈ ਤਾਂ ਦੁਕਾਨਦਾਰਾਂ ਨੇ ਆਪਣਾ ਸਾਮਾਨ ਅੰਦਰ ਰੱਖਣਾ ਸ਼ੁਰੂ ਕਰ ਦਿੱਤਾ ਪਰ ਟੀਮ ਦੇ ਜਾਣ ਉਪਰੰਤ ਦੁਕਾਨਦਾਰਾਂ ਨੇ ਆਪਣਾ ਸਾਮਾਨ ਮੁੜ ਸੜਕਾਂ ਦੇ ਕੰਢੇ ਤਕ ਟਿਕਾ ਦਿੱਤਾ। ਇਸ ਮੌਕੇ ਟੀਮ 'ਚ ਨਰੇਸ਼ ਕੁਮਾਰ, ਉਂਕਾਰ ਸਿੰਘ, ਰਕੇਸ਼ ਸਾਹਨੀ, ਟ੍ਰੈਫ਼ਿਕ ਇੰਚਾਰਜ ਸੁੱਚਾ ਸਿੰਘ ਤੇ ਇੰਸ. ਅਮਨ ਕੁਮਾਰ ਸ਼ਾਮਲ ਸਨ। 
ਕੀ ਕਹਿੰਦੇ ਹਨ ਦੁਕਾਨਦਾਰ- ਇਸ ਸਬੰਧੀ ਗੱਲਬਾਤ ਕਰਨ 'ਤੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰਾਂ 'ਚ ਸਾਰੇ ਦੁਕਾਨਦਾਰ ਸੜਕਾਂ ਦੇ ਕੰਢੇ ਤਕ ਸਾਮਾਨ ਲਾਉਂਦੇ ਹਨ ਪਰ ਨਿਗਮ ਦੀ ਟੀਮ ਜਿਉਂ ਹੀ ਆਉਂਦੀ ਹੈ ਤਾਂ ਕੁੱਝ ਦੁਕਾਨਦਾਰ ਆਪਣਾ ਸਾਮਾਨ ਚੁੱਕ ਕੇ ਅੰਦਰ ਰੱਖ ਲੈਂਦੇ ਹਨ ਤੇ ਟੀਮ ਦੇ ਜਾਣ ਤੋਂ ਬਾਅਦ ਮੁੜ ਸੜਕਾਂ ਦੇ ਕੰਢੇ ਤਕ ਸਾਮਾਨ ਟਿੱਕਾ ਦਿੰਦੇ ਹਨ। ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਨਿਗਮ ਦੀ ਟੀਮ ਨੂੰ ਇਕ ਸਾਰ ਕਾਰਵਾਈ ਕਰਕੇ ਲੋਕਾਂ ਦਾ ਸਾਮਾਨ ਚੁਕਵਾਉਣਾ ਚਾਹੀਦਾ ਹੈ ਅਤੇ ਸੜਕ ਦੇ ਕੰਢਿਆਂ ਤੱਕ ਸਾਮਾਨ ਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।


Related News