ਸ਼ੁੱਧ ਪਾਣੀ ਦੇਣ ਵਾਲੇ ਪ੍ਰਾਜੈਕਟ ਦੀ ਭੇਟ ਚੜ੍ਹੀਆਂ ਅਨੇਕਾਂ ਸੜਕਾਂ

12/10/2017 2:45:04 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ/ਜਗਸੀਰ)-  ਹਲਕੇ ਦੀਆਂ 95 ਫੀਸਦੀ ਸੜਕਾਂ 'ਤੇ ਲੋਕਾਂ ਨੇ ਪਹਿਲਾਂ 20 ਸਾਲ ਸੰਤਾਪ ਭੋਗਿਆ ਸੀ, ਉਸ ਤੋਂ ਬਾਅਦ ਪਿਛਲੀ ਸਰਕਾਰ ਦੇ ਅਖੀਰਲੇ ਦੌਰ 'ਚ ਇਹ ਖਸਤਾ ਹਾਲਤ ਸੜਕਾਂ ਬਣਾਈਆਂ ਗਈਆਂ ਸਨ ਪਰ ਪਿੰਡ ਦੌਧਰ ਵਿਖੇ ਲਾਏ ਜਾ ਰਹੇ ਬਲਾਕ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਲੋਕਾਂ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਵਾਲੇ ਟਰੀਟਮੈਂਟ ਪਲਾਂਟ ਕਾਰਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਇਨ੍ਹਾਂ ਸੜਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਅਧਿਕਾਰੀਆਂ ਵੱਲੋਂ ਸੜਕਾਂ ਦੇ ਪਾਸੇ ਦੀ ਪਾਈਆਂ ਜਾ ਰਹੀਆਂ ਪਾਈਪਾਂ ਕਾਰਨ ਲਗਭਗ ਸਾਰੀਆਂ ਲਿੰਕ ਸੜਕਾਂ ਹੀ ਮੁੜ ਖਰਾਬ ਹੋ ਚੁੱਕੀਆਂ ਹਨ ਅਤੇ ਪਿੰਡਾਂ 'ਚ ਪੰਚਾਇਤਾਂ ਵੱਲੋਂ ਬਹੁਤ ਹੀ ਮੁਸ਼ਕਲ ਨਾਲ ਬਣਾਈਆਂ ਪੱਕੀਆਂ ਗਲੀਆਂ ਵੀ ਅਧਿਕਾਰੀਆਂ ਵੱਲੋਂ ਪੁੱਟੀਆਂ ਜਾ ਰਹੀਆਂ ਹਨ। ਇਥੇ ਹੀ ਬਸ ਨਹੀਂ ਵਿਭਾਗ ਵੱਲੋਂ ਹਲਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਦੋਵੇਂ ਪਾਸੇ ਸੁੱਟੀਆਂ ਪਾਈਪਾਂ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਪਰ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਅੱਖਾਂ ਮੀਟੀਆਂ ਹੋਈਆਂ ਹਨ, ਜਿਸ ਕਾਰਨ ਕਰੋੜਾਂ ਰੁਪਏ ਦੀ ਰਾਸ਼ਟਰੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਕੁੱਸਾ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਪੰਚਾਇਤ ਵੱਲੋਂ ਸੜਕਾਂ ਦੇ ਪਾਸੇ ਇੰਟਰਲਾਕ ਲਾਈ ਗਈ ਸੀ, ਜਿਸ 'ਤੇ ਲੱਖਾਂ ਰੁਪਏ ਦਾ ਖਰਚਾ ਹੋਇਆ ਸੀ ਪਰ ਹੁਣ ਅਧਿਕਾਰੀਆਂ ਵੱਲੋਂ ਵਾਟਰ ਵਰਕਸ ਦੀਆਂ ਪਾਈਪਾਂ ਪਾਉਣ ਲਈ ਇਸ ਇੰਟਰਲਾਕ ਨੂੰ ਪੁੱਟੇ ਜਾਣ ਦੀ ਤਿਆਰੀ ਹੈ। 
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਵਿਭਾਗ ਨੇ ਪਾਈਪਾਂ ਪਾਉਣ ਲਈ ਇੰਟਰਲਾਕ ਨੂੰ ਪੁੱਟਣਾ ਹੈ ਤਾਂ ਉਸ ਨੂੰ ਮੁੜ ਬਣਾਉਣ ਲਈ ਪੰਚਾਇਤ ਵਿਭਾਗ ਕੋਲ ਖਰਚਾ ਜਮ੍ਹਾ ਕਰਵਾਇਆ ਜਾਵੇ ਤਾਂ ਕਿ ਪਿੰਡ ਦੀ ਪ੍ਰਾਪਰਟੀ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੜਕਾਂ ਦੇ ਪਾਸੇ ਸੁੱਟੀਆਂ ਪਾਈਪਾਂ ਕਾਰਨ ਕੁਝ ਦਿਨ ਪਹਿਲਾਂ ਇਕ ਗੱਡੀ ਦਾ ਐਕਸੀਡੈਂਟ ਵੀ ਹੋ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਭਾਗ ਨੂੰ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਜਾਵੇ।


Related News