ਅਗਵਾ ਕਰ ਕੇ ਪਹਿਲਾਂ ਕੀਤਾ ਜਬਰ-ਜ਼ਨਾਹ ਫਿਰ ਕਰ ਦਿੱਤੀ ਹੱਤਿਆ, 4 ਗ੍ਰਿਫਤਾਰ

09/21/2017 1:56:50 AM

ਜਲੰਧਰ  (ਪ੍ਰੀਤ)  - ਪੋਤੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਦਿੱਤੀ ਗਈ ਪਾਰਟੀ ਵਿਚ ਬਿਨਾਂ ਸੱਦੇ ਆਏ 4 ਪ੍ਰਾਹੁਣਿਆਂ ਨੇ ਗਿਰਜਾ ਦੇਵੀ ਨਾਲ ਜਬਰ-ਜ਼ਨਾਹ ਕੀਤਾ ਤੇ ਉਸਦੀ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਦੋ ਸਕੇ ਭਰਾਵਾਂ ਸਣੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗਿਰਜਾ ਦੇਵੀ ਤੇ ਹਤਿਆਰਿਆਂ ਦਰਮਿਆਨ ਪਿੰਡ ਵਿਚ ਜ਼ਮੀਨੀ ਝਗੜਾ ਵੀ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਹੇਲਰਾਂ ਦੇ ਖੇਤਾਂ ਵਿਚ ਗਿਰਜਾ ਦੇਵੀ ਦੀ ਅਰਧ ਨਗਨ ਲਾਸ਼ ਮਿਲੀ। ਪੁਲਸ ਨੇ ਹੱਤਿਆ ਤੇ ਜਬਰ-ਜ਼ਨਾਹ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾ ਦੇ ਬੇਟੇ ਦਲੀਪ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ੱਕ ਜਤਾਇਆ ਕਿ ਵਾਰਦਾਤ ਵਿਚ ਪ੍ਰਵਾਸੀ ਮਜ਼ਦੂਰ ਛੋਟੂ ਦਾ ਹੱਥ ਹੋ ਸਕਦਾ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਈਂਡ ਮਰਡਰ ਕੇਸ ਟ੍ਰੇਸ ਕਰਨ ਲਈ ਐੱਸ. ਪੀ. ਇਨਵੈਸਟੀਗੇਸ਼ਨ ਦੀ ਅਗਵਾਈ ਵਿਚ ਡੀ. ਐੱਸ. ਪੀ. ਸਰਬਜੀਤ ਰਾਏ, ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪਿੰਦਰ ਬਾਲੀ 'ਤੇ ਆਧਾਰਿਤ ਟੀਮ ਬਣਾਈ ਤੇ ਮਾਮਲੇ ਦੀ ਜਾਂਚ ਸਾਇੰਟੀਫਿਕ ਤੇ ਯੋਜਨਾਬੱਧ ਢੰਗ ਨਾਲ ਸ਼ੁਰੂ ਕੀਤੀ ਗਈ। ਜਾਂਚ ਵਿਚ ਪਤਾ ਲੱਗਾ ਕਿ ਦਲੀਪ ਨੇ ਬੇਟੇ ਦੇ ਜਨਮ ਦਿਨ 'ਤੇ ਘਰ ਵਿਚ ਪਾਰਟੀ ਰੱਖੀ ਸੀ, ਜਿਸ ਵਿਚ ਆਪਣੇ ਹੀ ਪਿੰਡ ਦੇ ਜਾਣ-ਪਛਾਣ ਵਾਲੇ 60 ਪ੍ਰਵਾਸੀ ਮਜ਼ਦੂਰਾਂ ਨੂੰ ਬੁਲਾਇਆ ਸੀ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਟੀਮ ਨੇ 4 ਮੁਲਜ਼ਮਾਂ ਛੋਟੂ ਦਾਸ ਸ਼ਰਮਾ ਪੁੱਤਰ ਸ਼ੰਗੂਰੀ ਦਾਸ, ਵਿਕਾਸ ਪੁੱਤਰ ਸੁਰਜਨ, ਵੀਰੂ ਕੁਮਾਰ ਪੁੱਤਰ ਦਿਨੇਸ਼ ਸ਼ਰਮਾ ਤੇ ਮਤਲੇਸ਼ ਕੁਮਾਰ ਪੁੱਤਰ ਸੁਰਜਨ ਚਾਰੇ ਵਾਸੀ ਰਜਨੀ ਡੋਰੀ ਜ਼ਿਲਾ ਮੱਧੇਪੁਰ ਬਿਹਾਰ ਨੂੰ ਗ੍ਰਿਫਤਾਰ ਕੀਤਾ। ਸਾਰੇ ਅੱਜ ਕਲ ਹੇਲਰਾਂ ਵਿਚ ਗੁਰਦੇਵ ਸਿੰਘ ਦੇ ਖੂਹ 'ਤੇ ਰਹਿੰਦੇ ਤੇ ਲੇਬਰ ਕਰਦੇ ਹਨ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਦੌਰਾਨ ਚਾਰਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਚਾਰਾਂ ਨੇ ਪੁਰਾਣੀ ਰੰਜਿਸ਼ ਦੇ ਕਾਰਨ ਗਿਰਜਾ ਦੇਵੀ ਨੂੰ ਅਗਵਾ ਕੀਤਾ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ।  ਗ੍ਰਿਫਤਾਰ ਮੁਲਜ਼ਮ ਵਿਕਾਸ ਤੇ ਮਤਲੇਸ਼ ਦੋਵੇਂ ਸਕੇ ਭਰਾ ਹਨ। ਮੁਲਜ਼ਮਾਂ ਦਾ ਪੁੱਛਗਿੱਛ ਲਈ ਰਿਮਾਂਡ ਲਿਆ ਗਿਆ ਹੈ।
ਪਾਰਟੀ 'ਚ ਬਿਨਾਂ ਸੱਦੇ ਆਇਆ ਸੀ ਛੋਟੂ , ਸ਼ਰਾਬ ਜ਼ਿਆਦਾ ਪੀਤੀ ਤਾਂ ਉਸਨੂੰ ਜਾਣ ਨੂੰ ਕਿਹਾ
ਜਾਂਚ ਵਿਚ ਪਤਾ ਲੱਗਾ ਕਿ ਗਿਰਜਾ ਦੇਵੀ ਤੇ ਉਸਦੇ ਪਰਿਵਾਰ ਵਲੋਂ ਰੱਖੀ ਗਈ ਪਾਰਟੀ ਵਿਚ ਸਾਰੇ ਪ੍ਰਵਾਸੀ ਮਜ਼ਦੂਰ ਮੂਲ ਤੌਰ 'ਤੇ ਬਿਹਾਰ ਦੇ ਰਹਿਣ ਵਾਲੇ ਸਨ। ਪਾਰਟੀ ਵਾਲੀ ਰਾਤ ਗਿਰਜਾ ਦੇਵੀ ਤੇ ਉਸਦੇ ਬੇਟੇ ਨੇ ਸਾਰਿਆਂ ਨੂੰ ਤਾਂ ਪਾਰਟੀ ਵਿਚ ਇਨਵਾਈਟ ਕੀਤਾ ਪਰ ਛੋਟੂ ਦਾਸ ਨੂੰ ਨਹੀਂ ਬੁਲਾਇਆ। ਛੋਟੂ ਦਾਸ ਸ਼ਰਾਬ ਪੀ ਕੇ ਨੱਚਣ ਲੱਗਾ ਤੇ ਖਰੂਦ ਕਰਨ ਲੱਗਾ। ਇਸ ਗੱਲ ਨੂੰ ਲੈ ਕੇ ਗਿਰਜਾ ਦੇਵੀ ਤੇ ਦਲੀਪ ਵਿਚ ਝਗੜਾ ਹੋ ਗਿਆ। ਦਲੀਪ ਨੇ ਕਿਹਾ ਕਿ ਉਸਨੇ ਛੋਟੂ ਨੂੰ ਨਹੀਂ ਬੁਲਾਇਆ। ਇਸ ਗੱਲ 'ਤੇ ਉਨ੍ਹਾਂ ਛੋਟੂ ਨੂੰ ਉਥੋਂ ਜਾਣ ਲਈ ਕਹਿ ਦਿੱਤਾ। ਛੋਟੂ ਨੇ ਬੇਇੱਜ਼ਤੀ ਮਹਿਸੂਸ ਕੀਤੀ ਤੇ ਗਿਰਜਾ ਦੇਵੀ ਤੇ ਉਸਦੇ ਬੇਟੇ ਨੂੰ ਸਬਕ ਸਿਖਾਉਣ ਲਈ ਛੋਟੂ ਤੇ ਉਸਦੇ ਦੋਸਤ ਵਿਕਾਸ, ਮਿਤਲੇਸ਼ ਨੇ ਪਾਰਟੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਗਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਗਿਰਜਾ ਦੇਵੀ ਨੇ ਉਨ੍ਹਾਂ ਨੂੰ ਦੇਖ ਲਿਆ। ਚੋਰੀ ਫੜੀ ਜਾਣ 'ਤੇ ਚਾਰੇ ਗਿਰਜਾ ਦੇਵੀ ਨੂੰ ਕਾਬੂ ਕਰ ਕੇ ਦੂਰ ਲੈ ਗਏ। ਉਥੇ ਜਬਰ-ਜ਼ਨਾਹ ਤੋਂ ਬਾਅਦ ਸਿਰ 'ਤੇ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦਿੱਤੀ। ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ ਤੇ ਅੱਧੀ ਨੰਗੀ ਲਾਸ਼ ਖਿੱਚ ਕੇ ਖੇਤਾਂ ਵਿਚ ਸੁੱਟ ਕੇ ਫਰਾਰ ਹੋ ਗਏ।
ਛੋਟੂ ਤੇ ਵਿਕਾਸ ਨੇ ਕੀਤਾ ਜਬਰ-ਜ਼ਨਾਹ
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਜਾਂਚ ਵਿਚ ਖੁਲਾਸਾ ਹੋਇਆ ਕਿ ਵਾਰਦਾਤ ਦੌਰਾਨ ਗਿਰਜਾ ਦੇਵੀ ਨੂੰ ਸਬਕ ਸਿਖਾਉਣ ਲਈ ਛੋਟੂ ਤੇ ਵਿਕਾਸ ਨੇ ਪਹਿਲਾਂ ਜਬਰ-ਜ਼ਨਾਹ ਕੀਤਾ ਤੇ ਸਾਰਿਆਂ ਨੇ ਮਿਲ ਕੇ ਹੱਤਿਆ ਕਰ ਦਿੱਤੀ। ਚਾਰਾਂ ਦੋਸ਼ੀਆਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਫਿਲਹਾਲ ਸਾਹਮਣੇ ਨਹੀਂ ਆਇਆ।
ਪਿੰਡ 'ਚ ਚੱਲ ਰਿਹਾ ਜ਼ਮੀਨੀ ਝਗੜਾ ਵੀ ਹੱਤਿਆ ਦਾ ਇਕ ਕਾਰਨ
ਦੱਸਿਆ ਜਾ ਰਿਹਾ ਹੈ ਕਿ ਗਿਰਜਾ ਦੇਵੀ ਤੇ ਸਾਰੇ ਮੁਲਜ਼ਮ ਬਿਹਾਰ ਦੇ ਜ਼ਿਲਾ ਮੱਧੇਪੁਰ ਦੇ ਪਿੰਡ ਰਜਨੀ ਡੋਰੀ ਦੇ ਰਹਿਣ ਵਾਲੇ ਹਨ। ਸਾਰੇ ਕਾਫੀ ਸਾਲਾਂ ਤੋਂ ਪਿੰਡ ਹੇਲਰਾਂ ਵਿਚ ਆ ਕੇ ਵਸੇ ਹੋਏ ਹਨ ਤੇ ਮਿਹਨਤ ਮਨਜ਼ਦੂਰੀ ਕਰਦੇ ਹਨ। ਗਿਰਜਾ ਦੇਵੀ ਦੀ ਹੱਤਿਆ ਦਾ ਕਾਰਨ ਪਿੰਡ ਵਿਚ ਚੱਲ ਰਿਹਾ ਜ਼ਮੀਨੀ ਝਗੜਾ ਵੀ ਸਾਹਮਣੇ ਆਇਆ ਹੈ। ਜਾਂਚ ਵਿਚ ਪਤਾ ਲੱਗਾ ਕਿ ਵਿਕਾਸ, ਮਤਲੇਸ਼ ਪਰਿਵਾਰ ਦੀ ਗਿਰਜਾ ਦੇਵੀ ਪਰਿਵਾਰ ਨਾਲ ਪੁਰਾਣੀ ਦੁਸ਼ਮਣੀ ਹੈ। ਪਿੰਡ ਰਜਨੀ ਡੋਰੀ ਵਿਚ ਗਿਰਜਾ ਦੇ ਵਿਕਾਸ, ਮਤਲੇਸ਼ ਪਰਿਵਾਰ ਦਰਮਿਆਨ ਕਾਫੀ ਪੁਰਾਣਾ ਜ਼ਮੀਨੀ ਝਗੜਾ ਚੱਲ ਰਿਹਾ ਹੈ। ਝਗੜਾ ਨਾ ਨਿਪਟਣ ਕਾਰਨ ਦੋਵਾਂ ਵਿਚ ਅੰਦਰ-ਅੰਦਰ ਲੜਾਈ ਰਹਿੰਦੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਗਿਰਜਾ ਦੇਵੀ ਮੁੱਖ ਮੁਲਜ਼ਮ ਛੋਟੂ ਦਾਸ ਦੀ ਰਿਸ਼ਤੇ ਵਿਚ ਚਾਚੀ ਤੇ ਹੋਰ ਮੁਲਜ਼ਮਾਂ ਦੀ ਤਾਈ ਲੱਗਦੀ ਹੈ।


Related News