ਮੋਟਰਸਾਈਕਲ-ਜੀਪ ਟੱਕਰ : ਹੈੱਡ ਕਾਂਸਟੇਬਲ ਦੀ ਮੌਤ, ਬੇਟਾ ਜ਼ਖਮੀ

06/23/2017 6:34:26 AM

ਹੁਸ਼ਿਆਰਪੁਰ, (ਜ.ਬ.)- ਡਿਊਟੀ 'ਤੇ ਜਾ ਰਹੇ ਹੈੱਡ ਕਾਂਸਟੇਬਲ ਦੇ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਜੀਪ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਮੋਟਰਸਾਈਕਲ ਸਵਾਰ ਹੈੱਡ ਕਾਂਸਟੇਬਲ ਤੇ ਉਸ ਦਾ ਬੇਟਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਹੈੱਡ ਕਾਂਸਟੇਬਲ ਬਲਜਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।
ਥਾਣਾ ਚੱਬੇਵਾਲ ਪੁਲਸ ਨੂੰ ਦਿੱਤੇ ਬਿਆਨਾਂ 'ਚ ਬੇਟੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਰੋਡ ਫੈਕਟਰੀ 'ਚ ਸਕਿਓਰਿਟੀ ਦਾ ਕੰਮ ਕਰਦਾ ਹੈ ਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਪੁੱਤਰ ਮੋਹਕਮ ਸਿੰਘ ਵਾਸੀ ਸੁਭਾਨਪੁਰ ਸੈਂਟਰਲ ਜੇਲ ਹੁਸ਼ਿਆਰਪੁਰ 'ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਸੀ। ਅੱਜ ਉਸ ਦੇ ਪਿਤਾ ਬਲਜਿੰਦਰ ਸਿੰਘ ਨੇ ਜਲੰਧਰ ਪੀ. ਏ. ਪੀ. 'ਚ ਡਿਊਟੀ ਜਾਣਾ ਸੀ। ਸਿਮਰਨਜੀਤ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਦੇ ਮੋਟਰਸਾਈਕਲ 'ਤੇ ਡਿਊਟੀ ਜਾਣ ਲਈ ਚੱਲ ਪਿਆ। ਜਦ ਉਹ ਰਸਤੇ 'ਚ ਰਿਆਤ ਬਾਹਰਾ ਕਾਲਜ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਜੀਪ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੇ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਸਪਤਾਲ 'ਚ ਮੌਤ ਹੋ ਗਈ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ।
ਥਾਣਾ ਚੱਬੇਵਾਲ ਦੇ ਏ. ਐੱਸ. ਆਈ. ਕੇਸ਼ਵ ਚੰਦਰ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਤੋਂ ਗੱਡੀ ਦਾ ਨੰ. ਪੀ² ਬੀ 32 ਜੇ-7519 ਪਤਾ ਲੱਗਿਆ ਹੈ ਜਿਸ ਦਾ ਜਲਦ ਪਤਾ ਲਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। 


Related News