ਮੋਟੀਵੇਟਰ ਯੂਨੀਅਨ ਨੇ ਜਲ ਸਪਲਾਈ ਦੇ ਵਿਭਾਗ ਅੱਗੇ ਠੋਕਿਆ ਧਰਨਾ

12/13/2017 6:39:43 AM

ਪਟਿਆਲਾ, ਰੱਖੜਾ, (ਰਾਣਾ)- ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ 2016 ਵਿਚ ਸੂਬੇ ਭਰ 'ਚ ਪਿੰਡਾਂ ਲਈ ਮਾਸਟਰ ਮੋਟੀਵੇਟਰਜ਼ ਰੱਖੇ ਗਏ ਸਨ, ਜਿਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰ ਕੇ ਹਾਹਾਕਾਰ ਮਚੀ ਹੋਈ ਹੈ। ਤਨਖਾਹਾਂ ਨਾ ਮਿਲਣ ਕਰ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਮਾਸਟਰ ਮੋਟੀਵੇਟਰਜ਼ ਯੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਅੱਜ ਪਟਿਆਲਾ-ਨਾਭਾ ਰੋਡ 'ਤੇ ਸਥਿਤ ਜਲ ਸਪਲਾਈ ਦੇ ਮੁੱਖ ਵਿਭਾਗ ਅੱਗੇ ਸੂਬਾ ਪੱਧਰੀ ਵਿਸ਼ਾਲ ਧਰਨਾ ਲਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਸਮੁੱਚੇ ਮੁਲਾਜ਼ਮਾਂ ਨੇ ਅੱਜ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਬਗੈਰ ਛੁੱਟੀ ਦਿੱਤਿਆਂ 8 ਘੰਟਿਆਂ ਤੋਂ ਵੀ ਵਧੇਰੇ ਕੰਮ ਲੈਂਦੀ ਹੈ ਪਰ ਤਨਖਾਹਾਂ ਨਾ-ਮਾਤਰ ਹਨ। ਹੁਣ ਪਿਛਲੇ 6 ਮਹੀਨਿਆਂ ਤੋਂ ਕਿਸੇ ਵੀ ਮੋਟੀਵੇਟਰ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ, ਜਿਸ ਕਰ ਕੇ ਘਰਾਂ ਦਾ ਗੁਜ਼ਾਰਾ ਬੇਹੱਦ ਔਖਾ ਹੁੰਦਾ ਜਾ ਰਿਹਾ ਹੈ। 
ਇਸ ਮੌਕੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਵਿੰਦਰਜੀਤ ਸਿੰਘ ਗਿੱਲ, ਜਨਰਲ ਸੈਕਟਰੀ ਸ਼ਾਮ ਭਾਰਤੀ ਤੇ ਵਾਈਸ ਪ੍ਰਧਾਨ ਸੁਖਵਿੰਦਰ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕਰ ਕੇ ਵੋਟਾਂ ਬਟੋਰ ਕੇ ਲੈ ਗਈ। ਹੁਣ ਨੌਜਵਾਨਾਂ 'ਤੇ ਹੀ ਤਸ਼ੱਦਦ ਢਾਹੁਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮੋਟੀਵੇਟਰਾਂ ਤੋਂ ਸਵੇਰੇ 5 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਬਿਨਾਂ ਕਾਰਨ ਵਿਭਾਗੀ ਅਧਿਕਾਰੀ ਕੰਮ ਲੈਂਦੇ ਹਨ। ਜਦੋਂ ਤਨਖਾਹਾਂ ਜਾਰੀ ਕਰਨ ਬਾਰੇ ਆਖਿਆ ਜਾਂਦਾ ਹੈ ਤਾਂ ਕੋਰਾ ਪੱਲਾ ਝਾੜਿਆ ਜਾਂਦਾ ਹੈ। ਮੁਲਾਜ਼ਮਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਮੁਲਾਜ਼ਮਾਂ ਨੂੰ ਢਾਈ ਸਾਲ ਕੰਮ ਕਰਦਿਆਂ ਨੂੰ ਹੋ ਗਏ ਹਨ ਪਰ ਤਨਖਾਹਾਂ ਨਾ-ਮਾਤਰ ਹਨ। ਤਨਖਾਹਾਂ ਵਿਚ ਵਾਧਾ ਨਾ ਕਰਨਾ ਵੀ ਅਤਿ-ਨਿੰਦਣਯੋਗ ਹੈ। ਸਮੁੱਚੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕਰ ਕੇ ਰੱਖਿਆ ਗਿਆ ਸੀ। ਹੁਣ ਸਰਕਾਰ ਬਿਨਾਂ ਕਾਰਨ ਬਹਾਨਾ ਬਣਾ ਕੇ ਸਮੁੱਚੇ ਮੋਟੀਵੇਟਰਾਂ ਨੂੰ ਵਿਭਾਗ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੁੰਦੀ ਹੈ, ਜਿਸ ਕਰ ਕੇ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ। ਨੌਜਵਾਨ ਲੜਕਿਆਂ ਦੇ ਨਾਲ-ਨਾਲ ਮੋਟੀਵੇਅਰ ਮੁਲਾਜ਼ਮ ਵੱਲੋਂ ਲੜਕੀਆਂ ਵੀ ਭਾਰੀ ਗਿਣਤੀ ਵਿਚ ਸ਼ਾਮਲ ਹਨ। ਇਨ੍ਹਾਂ ਵਿਭਾਗ ਦੇ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਜਿਹੜੇ ਮੋਟੀਵੇਟਰ ਪਿੰਡਾਂ ਵਿਚ ਕੰਮ ਕਰਦੇ ਹਨ, ਨੂੰ ਕੋਈ ਵੀ ਉਲਟਾ-ਸਿੱਧਾ ਕਹੇ, ਵਿਭਾਗ ਦਾ ਕੋਈ ਵੀ ਅਧਿਕਾਰੀ ਸਹਿਯੋਗ ਨਹੀਂ ਦਿੰਦਾ। ਸਮੁੱਚੇ ਮੋਟੀਵੇਟਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। 


Related News