ਮਾਂ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਪੁੱਤਰ ਦੀ ਕੀਤੀ ਕੁੱਟਮਾਰ

06/26/2017 8:00:37 AM

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਮਾਛੀਵਾੜਾ ਪੁਲਸ ਨੇ ਫੋਟੋਗ੍ਰਾਫੀ ਦਾ ਕੰਮ ਕਰਦੇ ਪਰਿੰਕਲ ਵਰਮਾ ਦੇ ਬਿਆਨਾਂ ਦੇ ਆਧਾਰ 'ਤੇ ਉਸਦਾ ਕੈਮਰਾ ਖੋਹ ਕੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਵਰਿੰਦਰ ਸਿੰਘ ਮਾਛੀਵਾੜਾ, ਪਰਵਿੰਦਰ ਸਿੰਘ ਨਾਗਰਾ ਤੇ 3 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ।  ਪਰਿੰਕਲ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਫੋਟੋਗ੍ਰਾਫਰੀ ਦਾ ਕੰਮ ਕਰਦਾ ਹੈ ਤੇ ਕੱਲ ਵਰਿੰਦਰ ਸਿੰਘ ਨਾਮੀ ਇਕ ਨੌਜਵਾਨ ਆਪਣੀਆਂ ਫੋਟੋਆਂ ਖਿਚਵਾਉਣ ਲਈ ਉਸਨੂੰ ਪਿੰਡ ਗੜ੍ਹੀ ਤਰਖਾਣਾ ਵਿਖੇ ਪੁਰਾਣੇ ਰੈਸਟ ਹਾਊਸ 'ਤੇ ਲੈ ਗਿਆ। ਉਹ ਅਜੇ ਫੋਟੋਆਂ ਖਿੱਚ ਰਿਹਾ ਸੀ ਕਿ 3 ਨੌਜਵਾਨ ਪੈਦਲ ਆਏ, ਜਿਨ੍ਹਾਂ ਮੂੰਹ ਬੰਨ੍ਹੇ ਹੋਏ ਸਨ ਤੇ ਆਉਂਦਿਆਂ ਹੀ ਉਨ੍ਹਾਂ ਪੁੱਛਿਆ ਕਿ ਪਰਿੰਕਲ ਵਰਮਾ ਕੌਣ ਹੈ? ਮੇਰੀ ਪਛਾਣ ਕਰਨ 'ਤੇ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਡਾਂਗ ਨਾਲ ਮੇਰੀ ਕੁੱਟਮਾਰ ਕੀਤੀ ਤੇ ਮੇਰਾ ਮਹਿੰਗਾ ਕੈਮਰਾ ਵੀ ਖੋਹ ਕੇ ਲੈ ਗਏ।
ਪਰਿੰਕਲ ਦੇ ਬਿਆਨ ਅਨੁਸਾਰ ਪਰਵਿੰਦਰ ਸਿੰਘ ਨਾਗਰਾ ਨਾਂ ਦਾ ਨੌਜਵਾਨ ਮੇਰੀ ਮਾਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਤੇ ਇਸ ਰੰਜਿਸ਼ ਕਾਰਨ ਇਸ ਵਿਅਕਤੀ ਨੇ ਤਿੰਨਾਂ ਤੋਂ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕਰਵਾਈ ਤੇ ਕੈਮਰਾ ਖੋਹ ਕੇ ਲੈ ਗਏ। ਜ਼ਖ਼ਮੀ ਹਾਲਤ 'ਚ ਮੇਰੀ ਮਾਤਾ ਵਲੋਂ ਮੈਨੂੰ ਮਾਛੀਵਾੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।  ਪੁਲਸ ਨੇ 5 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ 'ਚੋਂ 1 ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।


Related News