ਸੜਕਾਂ ਕੰਢੇ ਲੱਗੇ ਗੁੜ ਦੇ ਵੇਲਣੇ ਪਰੋਸ ਰਹੇ ਹਨ ਮਿੱਠਾ ਜ਼ਹਿਰ, ਧੜੱਲੇ ਨਾਲ ਹੋ ਰਹੀ ਹੈ ਵਿਕਰੀ

10/17/2017 7:02:10 PM

ਟਾਂਡਾ(ਜਸਵਿੰਦਰ)— ਪੰਜਾਬ ਦੀਆਂ ਸੜਕਾਂ 'ਤੇ ਥਾਂ-ਥਾਂ ਚੱਲ ਰਹੇ ਗੁੜ ਦੇ ਵੇਲਣੇ, ਜਿਨ੍ਹਾਂ ਨੇ ਹੁਣ ਤੋਂ ਹੀ ਗੁੜ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਭਾਵੇਂ ਕਿ ਖੰਡ ਮਿੱਲਾਂ ਅਜੇ ਚਾਲੂ ਨਹੀਂ ਹੋਈਆਂ, ਇਨ੍ਹਾਂ ਵੇਲਣਿਆਂ 'ਤੇ ਤਿਆਰ ਕੀਤਾ ਜਾਂਦਾ ਗੁੜ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੈ, ਇਸ ਦੀ ਜਾਣਕਾਰੀ ਭਾਵੇਂ ਪ੍ਰਸ਼ਾਸਨ ਨੂੰ ਵੀ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਵੇਲਣਿਆਂ 'ਤੇ ਧੜੱਲੇ ਨਾਲ ਗੁੜ ਦੀ ਵਿਕਰੀ ਜਾਰੀ ਹੈ। ਇਸ ਸਬੰਧੀ ਵੱਖ-ਵੱਖ ਵੇਲਣਿਆਂ 'ਤੇ ਕੀਤੇ ਸਰਵੇ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਵੱਡੀ ਗਿਣਤੀ 'ਚ ਇਨ੍ਹਾਂ ਵੇਲਣਿਆਂ ਨੂੰ ਚਲਾਉਣ ਵਾਲੇ ਯੂ. ਪੀ. ਅਤੇ ਬਿਹਾਰ ਤੋਂ ਆਏ ਹੋਏ ਪ੍ਰਵਾਸੀ ਹਨ ਅਤੇ ਇਕ-ਇਕ ਵੇਲਣੇ 'ਤੇ ਇਨ੍ਹਾਂ ਪ੍ਰਵਾਸੀਆਂ ਦੀ ਗਿਣਤੀ 20 ਤੋਂ 50 ਤੱਕ ਹੈ। ਕੁਝ ਦਿਨ ਪਹਿਲਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਹੁਸ਼ਿਆਰਪੁਰ ਦੇ ਨੇੜੇ ਚੱਲ ਰਹੇ ਕੁਝ ਇਕ ਵੇਲਣਿਆਂ 'ਤੇ ਛਾਪੇਮਾਰੀ ਕਰ ਕੇ ਉਥੋਂ ਕਈ ਪ੍ਰਕਾਰ ਦੀ ਜ਼ਹਿਰੀਲੀ ਸਮੱਗਰੀ ਤੇ ਘਟੀਆ ਖੰਡ ਬਰਾਮਦ ਕੀਤੀ ਹੈ, ਜੋ ਕਿ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਇਹ ਪ੍ਰਵਾਸੀ ਕੇਵਲ ਪੈਸਾ ਕਮਾਉਣ ਲਈ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। 

PunjabKesari

ਜਿਨ੍ਹਾਂ ਵੇਲਣਿਆਂ ਤੋਂ ਵਰਤੀ ਜਾਣ ਵਾਲੀ ਜ਼ਹਿਰੀਲੀ ਸਮੱਗਰੀ ਤੇ ਘਟੀਆ ਖੰਡ ਵੀ ਫੜੀ ਗਈ, ਉਹ ਵੇਲਣੇ ਵੀ ਉਸੇ ਤਰ੍ਹਾਂ ਚੱਲ ਰਹੇ ਹਨ ਅਤੇ ਉਨ੍ਹਾਂ 'ਤੇ ਗੁੜ ਦੀ ਵਿਕਰੀ ਲਗਾਤਾਰ ਜਾਰੀ ਹੈ। ਜਦਕਿ ਚਾਹੀਦਾ ਇਹ ਸੀ ਕਿ ਅਜਿਹੇ ਵੇਲਣਿਆਂ ਨੂੰ ਤੁਰੰਤ ਸੀਲ ਕਰ ਦਿੱਤਾ ਜਾਂਦਾ ਤਾਂ ਜੋ ਬਾਕੀ ਗੁੜ ਬਣਾਉਣ ਵਾਲੇ ਵੇਲਣਿਆਂ ਵਾਲਿਆਂ 'ਤੇ ਇਕ ਚੰਗਾ ਪ੍ਰਭਾਵ ਜਾਂਦਾ ਅਤੇ ਉਹ ਈਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਹੁੰਦੇ। ਮਹਿਕਮੇ ਵੱਲੋਂ ਫੜੀ ਗਈ ਸਮੱਗਰੀ ਦੇ ਨਮੂਨੇ ਜਾਂਚ ਲਈ ਚੰਡੀਗੜ੍ਹ ਲੈਬਾਰਟਰੀ ਭੇਜ ਦਿੱਤੇ ਗਏ ਹਨ। ਇਹ ਵੇਲਣੇ ਜੋ ਮਿੰਨੀ ਮਿੱਲਾਂ ਬਣਦੀਆਂ ਜਾ ਰਹੀਆਂ ਹਨ, ਲਈ ਕਿਸੇ ਨੀਤੀ ਨੂੰ ਤਿਆਰ ਕੀਤੇ ਜਾਣ ਦੀ ਲੋੜ ਹੈ। ਜੇਕਰ ਇਸ ਦੇ ਬਾਵਜੂਦ ਸਰਕਾਰ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਦੀ ਤਾਂ ਇਹ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਹੋਵੇਗਾ। ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਫਸਰ ਅਸ਼ੋਕ ਗਰਗ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਦੀ ਰੋਕਥਾਮ ਸਬੰਧੀ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ। ਪਾਲਿਸੀ ਦੇ ਆਧਾਰ 'ਤੇ ਹੀ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।


Related News