...ਤਾਂ ਇੰਨੀ ਬੁਰੀ ਤਰ੍ਹਾਂ ਕਦੇ ਨਾ ਡੁੱਬਦਾ ''ਮੋਹਾਲੀ'' ਸ਼ਹਿਰ!

09/22/2017 1:03:03 PM

ਮੋਹਾਲੀ : ਪਿਛਲੇ ਦਿਨੀਂ ਮੋਹਾਲੀ 'ਚ ਲਗਾਤਾਰ 2 ਘੰਟੇ ਹੋਈ ਬਰਸਾਤ ਤੋਂ ਬਾਅਦ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ ਸੀ ਅਤੇ ਲੋਕ ਘੰਟਿਆਂ ਬੱਧੀ ਪਾਣੀ ਦੇ ਨਿਕਲਣ ਦਾ ਇੰਤਜ਼ਾਰ ਕਰਦੇ ਰਹੇ ਸਨ। ਕਿਸੇ ਦੀ ਕਾਰ, ਕਿਸੇ ਦਾ ਆਟੋ ਤੇ ਕਿਸੇ ਦਾ ਮੋਟਰਸਾਈਕਲ ਸਭ ਪਾਣੀ 'ਚ ਤਰ ਕੇ ਦੂਰ-ਦੂਰ ਤੱਕ ਪੁੱਜ ਗਏ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜੇਕਰ ਪੰਜਾਬ ਅਤੇ ਹਰਿਆਣਾ ਸਾਲ 2002 'ਚ ਦਿੱਤੇ ਹੁਕਮਾਂ ਨੂੰ ਮੰਨ ਲਿਆ ਜਾਂਦਾ ਤਾਂ ਅਜਿਹਾ ਕਦੇ ਵੀ ਨਹੀਂ ਹੋਣਾ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2002 'ਚ ਸ਼ਹਿਰ ਵਾਸੀ ਤਜਿੰਦਰ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਦੱਸਿਆ ਸੀ ਕਿ ਮੋਹਾਲੀ ਦੇ ਫੇਜ਼-5 'ਚ ਬਾਰਸ਼ ਦੇ ਸਮੇਂ ਵੱਡੇ ਪੱਧਰ 'ਤੇ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਹਾਈਕੋਰਟ ਨੂੰ ਇਹ ਦੱਸਿਆ ਗਿਆ ਸੀ ਕਿ ਇਹ ਫੇਜ਼ ਇਕ ਬਰਸਾਤੀ ਨਾਲੇ ਦੇ ਰਸਤੇ 'ਚ ਬਣਾਇਆ ਗਿਆ ਸੀ। ਅਸਲ 'ਚ ਇਹ ਇਲਾਕਾ ਜ਼ਮੀਨੀ ਪੱਧਰ 'ਤੇ ਹੋਰ ਇਲਾਕਿਆਂ ਤੋਂ ਕਰੀਬ 25 ਫੁੱਟ ਡੂੰਘਾਈ 'ਤੇ ਹੈ। ਇਸੇ ਕਾਰਨ ਹੀ ਬਰਸਾਤ ਦੇ ਸਮੇਂ ਹੋਰ ਸਾਰੇ ਇਲਾਕਿਆਂ ਦਾ ਪਾਣੀ ਇੱਥੇ ਪਹੁੰਚ ਜਾਂਦਾ ਹੈ। ਅਦਾਲਤ ਨੇ ਦਸੰਬਰ, 2002 'ਚ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਇਸ ਦਾ ਹੱਲ ਕੱਢਣ ਦਾ ਹੁਕਮ ਦਿੱਤਾ ਸੀ ਪਰ ਹੁਕਮਾਂ 'ਤੇ ਕੋਈ ਕਾਰਵਾਈ ਨਾ ਕਰਨ 'ਤੇ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖਿਲਾਫ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਜਲਦ ਤੋਂ ਜਲਦ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ 'ਤੇ ਹਾਈਕੋਰਟ ਨੇ ਤਿੰਨ ਮਹੀਨਿਆਂ 'ਚ ਕਾਰਵਾਈ ਦਾ ਹੁਕਮ ਦਿੰਦੇ ਹੋਏ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਹੁਣ ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਇਕ ਵਾਰ ਫਿਰ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ। ਵਾਹਨਾਂ ਸਮੇਤ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਸੀ। ਹਾਲਤ ਇਹ ਸੀ ਕਿ ਸਥਾਨਕ ਲੋਕ ਪੂਰਾ ਇਕ ਦਿਨ ਖਾਣਾ ਤੱਕ ਨਹੀਂ ਬਣਾ ਸਕੇ ਸਨ। ਹੁਣ ਇਕ ਵਾਰ ਫਿਰ ਹਾਈਕੋਰਟ 'ਚ ਇਸ ਮਾਮਲੇ 'ਚ ਪਟੀਸ਼ਨ ਦਾਇਰ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। 


Related News