ਵਾਰਡ ਨੰ. 3 ਦੇ ਲੋਕਾਂ ਲਈ ਕੋਝਾ ਮਜ਼ਾਕ ਬਣੀ ਮੋਦੀ ਸਰਕਾਰ ਦੀ ''ਸਵੱਛ ਭਾਰਤ'' ਮੁਹਿੰਮ

11/19/2017 7:32:24 AM

ਸਾਲਾਂ ਬਾਅਦ ਵੀ ਮੁੱਖ ਪਾਈਪ ਲਾਈਨ ਨਾਲ ਨਹੀਂ ਜੋੜਿਆ ਸੀਵਰੇਜ ਦਾ ਕੁਨੈਕਸ਼ਨ 
ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)— ਪਿਛਲੇ ਕਈ ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਨਾਲ ਜੂਝਦੇ ਆ ਰਹੇ 2 ਵਿਧਾਨ ਸਭਾ ਹਲਕਿਆਂ ਮਾਲੇਰਕੋਟਲਾ ਤੇ ਅਮਰਗੜ੍ਹ ਨੂੰ ਆਪਸ 'ਚ ਜੋੜਦੀ ਵਾਰਡ ਨੰਬਰ 3 ਅਧੀਨ ਪੈਂਦੀ ਸਰੌਦ ਰੋਡ ਸੜਕ ਦੇ ਆਲੇ-ਦੁਆਲੇ ਸਥਿਤ ਮੁਹੱਲਿਆਂ ਨਿਆਜ਼ ਕਾਲੋਨੀ, ਖੂਹ ਹੁਕਮੀ ਵਾਲਾ, ਬਿਸਮਿੱਲਾ ਕਾਲੋਨੀ ਸਣੇ ਦੀਨੀ ਵਾਲਾ ਖੂਹ ਦੇ ਵਸਨੀਕਾਂ ਲਈ ਮੋਦੀ ਸਰਕਾਰ ਵੱਲੋਂ ਆਰੰਭੀ ਸਵੱਛ ਭਾਰਤ ਮੁਹਿੰਮ ਇਕ ਕੋਝੇ ਮਜ਼ਾਕ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਦਰਅਸਲ ਉਕਤ ਮੁਹੱਲਿਆਂ 'ਚ ਪਾਈਆਂ ਹੋਈਆਂ ਸੀਵਰੇਜ ਲਾਈਨਾਂ ਦਾ ਕੁਨੈਕਸ਼ਨ ਕਈ ਸਾਲ ਬੀਤ ਜਾਣ ਉਪਰੰਤ ਵੀ ਸੀਵਰੇਜ ਦੀ ਮੁੱਖ ਪਾਈਪ ਲਾਈਨ ਨਾਲ ਨਹੀਂ ਜੋੜਿਆ, ਜਿਸ ਕਾਰਨ ਬੰਦ ਪਈਆਂ ਸੀਵਰੇਜ ਪਾਈਪਾਂ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ-ਨਾਲੀਆਂ 'ਚ ਭਰ ਜਾਂਦਾ ਹੈ। ਇਸ ਨਰਕ ਤੋਂ ਛੁਟਕਾਰਾ ਪਾਉਣ ਲਈ ਸਰਕਾਰੇ-ਦਰਬਾਰੇ ਅਫਸਰਾਂ ਤੇ ਸੱਤਾਧਾਰੀ ਲੀਡਰਾਂ ਅੱਗੇ ਗੁਹਾਰਾਂ ਲਾਉਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਅੱਕੇ ਵਾਰਡ ਨੰਬਰ 3 ਦੇ ਵਸਨੀਕ ਹੁਣ ਸਰਕਾਰ ਤੇ ਪ੍ਰਸ਼ਾਸਨ ਨਾਲ ਆਰ-ਪਾਰ ਦੀ ਲੜਾਈ ਆਰੰਭ ਕਰਨ ਦਾ ਮਨ ਬਣਾ ਚੁੱਕੇ ਹਨ। 
ਪੰਜਾਬ ਸੇਵਾ ਅਧਿਕਾਰ ਕਮਿਸ਼ਨ ਅੱਗੇ ਕੀਤੀ ਫਰਿਆਦ 
ਪਿਛਲੇ ਕੁਝ ਸਾਲਾਂ ਤੋਂ ਸਿਆਸੀ ਪੱਖਪਾਤ ਦੀ ਚੱਕੀ 'ਚ ਪਿਸਦੇ ਆ ਰਹੇ ਸ਼ਹਿਰ ਦੇ ਵਾਰਡ ਨੰਬਰ 3 ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਨੌਜਵਾਨ ਕੌਂਸਲਰ ਮੁਹੰਮਦ ਇਲਯਾਸ ਜ਼ੁਬੈਰੀ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਕਈ ਵਾਰ ਜ਼ੁਬਾਨੀ ਤੇ ਲਿਖਤੀ ਦਰਖਾਸਤਾਂ ਦੇ ਕੇ ਅਧਿਕਾਰੀਆਂ ਦਾ ਧਿਆਨ ਵਾਰਡ ਦੀ ਬਣੀ ਹੋਈ ਬੇਹੱਦ ਤਰਸਯੋਗ ਹਾਲਤ ਵੱਲ ਦਿਵਾਉਣ ਦੇ ਬਾਵਜੂਦ ਕੌਂਸਲ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਜਿਸ ਤੋਂ ਖਫਾ ਕੌਂਸਲਰ ਇਲਯਾਸ ਜ਼ੁਬੈਰੀ ਨੇ ਹੁਣ ਆਪਣੇ ਵਾਰਡ ਵਾਸੀਆਂ ਨੂੰ ਇਸ ਨਰਕ ਤੋਂ ਬਾਹਰ ਕੱਢਣ ਲਈ ਪੰਜਾਬ ਸੇਵਾ ਅਧਿਕਾਰ ਐਕਟ ਦਾ ਸਹਾਰਾ ਲੈਂਦਿਆਂ ਕਰੀਬ 2 ਹਫਤੇ ਪਹਿਲਾਂ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਵਾਰਡ ਦੀ ਅਤਿ ਤਰਸਯੋਗ ਹਾਲਤ ਤੋਂ ਜਾਣੂ ਕਰਵਾਉਂਦਿਆਂ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਏ ਜਾਣ ਲਈ ਦਰਦ ਭਰੀ ਫਰਿਆਦ ਕੀਤੀ ਹੈ। 
ਬਰਸਾਤ ਦੇ ਮੌਸਮ 'ਚ ਸਮੱਸਿਆ ਹੋ ਜਾਂਦੀ ਐ ਹੋਰ ਗੰਭੀਰ 
ਜ਼ਿਕਰਯੋਗ ਹੈ ਕਿ ਨਿਕਾਸੀ ਨਾ ਹੋਣ ਕਾਰਨ ਜਿਥੇ ਘਰਾਂ ਦਾ ਗੰਦਾ ਪਾਣੀ ਉਕਤ ਮੁਹੱਲਿਆਂ ਦੀਆਂ ਗਲੀਆਂ-ਨਾਲੀਆਂ ਵਿਚ ਜਮ੍ਹਾ ਹੋਇਆ ਰਹਿੰਦਾ ਹੈ ਉਥੇ ਬਰਸਾਤ ਦੇ ਦਿਨਾਂ 'ਚ ਤਾਂ ਇਸ ਇਲਾਕੇ ਦੀਆਂ ਸੜਕਾਂ ਟੋਭੇ ਦਾ ਰੂਪ ਧਾਰਨ ਕਰ ਜਾਂਦੀਆਂ ਹਨ, ਜਿਸ ਕਾਰਨ ਇਨ੍ਹਾਂ ਮੁਹੱਲਿਆਂ ਸਣੇ ਸਰੌਦ ਰੋਡ ਦੀ ਅਤਿ ਖਸਤਾਹਾਲ ਸੜਕ ਤੋਂ ਬਰਸਾਤ 'ਚ ਲੰਘਣ ਵਾਲੇ ਵਾਹਨ ਚਾਲਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਲੋਡਿਡ ਵਾਹਨ ਪਲਟਣ ਕਾਰਨ ਵਾਹਨ ਚਾਲਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਪੈਦਲ ਲੰਘਣਾ ਵੀ ਹੋਇਆ ਮੁਹਾਲ 
ਇਲਾਕੇ ਦੇ ਕੌਂਸਲਰ ਮੁਹੰਮਦ ਇਲਯਾਸ ਜ਼ੁਬੈਰੀ ਨੇ ਵਾਰਡ ਦੀ ਤਰਸਯੋਗ ਹਾਲਤ ਸਬੰਧੀ ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਨੇ ਵਾਰਡ ਨੰਬਰ 3 ਦੇ ਉਕਤ ਮੁਹੱਲਿਆਂ 'ਚ ਪਾਈਆਂ ਹੋਈਆਂ ਸੀਵਰੇਜ ਲਾਈਨਾਂ ਦਾ ਕੁਨੈਕਸ਼ਨ ਕਈ ਸਾਲ ਬੀਤਣ ਉਪਰੰਤ ਵੀ ਸੀਵਰੇਜ ਦੀ ਮੁੱਖ ਪਾਈਪ ਲਾਈਨ ਨਾਲ ਨਹੀਂ ਜੋੜਿਆ, ਜਿਸ ਕਾਰਨ ਬੰਦ ਪਈਆਂ ਸੀਵਰੇਜ ਪਾਈਪਾਂ ਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ-ਨਾਲੀਆਂ 'ਚ ਭਰ ਜਾਂਦਾ ਹੈ। ਅਜਿਹੀ ਸਥਿਤੀ 'ਚ ਵਾਰਡ ਵਾਸੀਆਂ ਲਈ ਇਸ ਇਲਾਕੇ 'ਚੋਂ ਪੈਦਲ ਲੰਘਣਾ ਤਾਂ ਦੂਰ ਦੀ ਗੱਲ ਦੋ-ਪਹੀਆ ਵਾਹਨਾਂ ਰਾਹੀਂ ਲੰਘਣਾ ਵੀ ਹਾਦਸਿਆਂ ਨੂੰ ਸੱਦਾ ਦੇਣ ਬਰਾਬਰ ਹੈ। ਕੌਂਸਲਰ ਨੇ ਦੱਸਿਆ ਕਿ ਲੰਘੀ 28 ਅਕਤੂਬਰ ਨੂੰ ਨਗਰ ਕੌਂਸਲ ਤੋਂ ਵਾਰਡ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦਿਵਾਉਣ ਲਈ ਉਨ੍ਹਾਂ ਪੰਜਾਬ ਸੇਵਾ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਉਪਰੰਤ 30 ਅਕਤੂਬਰ ਨੂੰ ਨਗਰ ਕੌਂਸਲ ਦੇ ਸੈਨੇਟਰੀ ਵਿਭਾਗ ਨੇ ਏ. ਪੀ. ਓ. ਬਸੰਤ ਕੁਮਾਰ ਨੂੰ ਇਲਾਕੇ ਦੀਆਂ ਬੰਦ ਪਈਆਂ ਸੀਵਰ ਲਾਈਨਾਂ ਖੁੱਲ੍ਹਵਾ ਕੇ ਵਾਰਡ ਦੇ ਸੀਵਰੇਜ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਉਣ ਸਬੰਧੀ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਪਰ 6 ਨਵੰਬਰ ਨੂੰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਪੰਜਾਬ ਗਰੀਵੈਂਸ ਰਡਰੈਸਲ ਸਿਸਟਮ ਚੰਡੀਗੜ੍ਹ ਨੂੰ ਮਿਲੀ ਸ਼ਿਕਾਇਤ ਦਾ ਲਿਖਤੀ ਜਵਾਬ ਭੇਜਦਿਆਂ ਕਿਹਾ ਕਿ ਉਕਤ ਖੇਤਰ ਦੀ ਸੀਵਰੇਜ ਲਾਈਨ ਦਾ ਕੁਨੈਕਸ਼ਨ ਨਹੀਂ ਹੋਇਆ ਹੈ।  ਜਦੋਂ ਵਾਰਡ ਨੰਬਰ 3 ਅਧੀਨ ਪੈਂਦੇ ਉਕਤ ਖੇਤਰ ਦਾ ਦੌਰਾ ਕੀਤਾ ਤਾਂ ਉਸ ਸਮੇਂ ਬੜੀ ਹੈਰਾਨੀ ਹੋਈ ਕਿ ਉਕਤ ਇਲਾਕੇ ਦੇ ਵਸਨੀਕ ਸ਼ਹਿਰ ਦੇ ਵਾਰਡ ਨੰਬਰ 23 ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਜਿੱਤੇ ਤੇ ਅੱਜਕੱਲ ਸੱਤਾਧਾਰੀ ਕਾਂਗਰਸ ਪਾਰਟੀ ਦੇ ਬੇੜੇ 'ਚ ਸਵਾਰ ਕੌਂਸਲਰ ਦੇ ਘਰ ਵਾਲੀ ਗਲੀ 'ਚ ਜਮ੍ਹਾ ਸੀਵਰੇਜ ਦਾ ਓਵਰਫਲੋਅ ਹੋਇਆ ਪਾਣੀ ਸਰਕਾਰ ਦੀ ਸਵੱਛਤਾ ਮੁਹਿੰਮ ਨੂੰ ਮੂੰਹ ਚਿੜ੍ਹਾ ਰਿਹਾ ਸੀ।
ਕੀ ਕਹਿੰਦੇ ਨੇ ਈ. ਓ. 
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਲਾ ਝਾੜਦਿਆਂ ਇਸ ਦਾ ਠੀਕਰਾ ਇੰਜੀਨੀਅਰਿੰਗ ਬ੍ਰਾਂਚ ਸਿਰ ਭੰਨਦਿਆਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਕੰਮ ਤਾਂ ਇੰਜੀਨੀਅਰਿੰਗ ਬ੍ਰਾਂਚ ਦਾ ਹੈ। 


Related News